
ਪੰਜਾਬ ਦੇ ਬਠਿੰਡਾ ਦੇ ਜੀਦਾ ਪਿੰਡ ਵਿੱਚ ਦੋ ਜ਼ੋਰਦਾਰ ਧਮਾਕੇ ਹੋਣ ਦੀ ਖਬਰ ਸਾਹਮਣੇ ਆਈ ਹੈ। ਧਮਾਕਿਆਂ ਦੀ ਆਵਾਜ਼ ਪੂਰੇ ਪਿੰਡ ਵਿੱਚ ਗੂੰਜ ਉੱਠੀ। ਜਿਵੇਂ ਹੀ ਲੋਕਾਂ ਨੇ ਆਵਾਜ਼ ਸੁਣੀ, ਉੱਥੇ ਦਹਿਸ਼ਤ ਫੈਲ ਗਈ। ਧਮਾਕਿਆਂ ਵਿੱਚ ਦੋ ਲੋਕ ਜ਼ਖਮੀ ਹੋ ਗਏ ਹਨ। ਇਹ ਦੋਵੇਂ ਧਮਾਕੇ ਇੱਕੋ ਘਰ ਦੇ ਅੰਦਰ ਹੋਏ ਹਨ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਏ ਹੈ।
ਮਿਲੀ ਜਾਣਕਾਰੀ ਅਨੁਸਾਰ ਪਹਿਲਾ ਧਮਾਕਾ ਸਵੇਰੇ ਹੋਇਆ, ਜਿਸ ਵਿੱਚ 19 ਸਾਲਾ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ। ਸ਼ਾਮ ਨੂੰ ਜਦੋਂ ਗੁਰਪ੍ਰੀਤ ਦੇ ਪਿਤਾ ਜਗਤਾਰ ਸਿੰਘ ਕਮਰਾ ਸਾਫ਼ ਕਰਨ ਗਏ ਤਾਂ ਉਸੇ ਕਮਰੇ ਵਿੱਚ ਇੱਕ ਹੋਰ ਧਮਾਕਾ ਹੋਇਆ। ਜਿਸ ਵਿੱਚ ਪਿਤਾ ਨੂੰ ਵੀ ਥੋੜ੍ਹਾ ਜਿਹਾ ਸੱਟਾਂ ਲੱਗੀਆਂ। ਨੇਹੀਆਂਵਾਲਾ ਪੁਲਿਸ ਸਟੇਸ਼ਨ ਨੂੰ ਵੀਰਵਾਰ ਸਵੇਰੇ ਇੱਕ ਨਿੱਜੀ ਹਸਪਤਾਲ ਰਾਹੀਂ ਇਸ ਘਟਨਾ ਬਾਰੇ ਪਤਾ ਲੱਗਾ।
ਸੂਚਨਾ ਮਿਲਣ ‘ਤੇ ਐਸਐਸਪੀ ਅਮਨੀਤ ਕੌਂਡਲ ਖੁਦ ਪੁਲਿਸ ਫੋਰਸ ਸਮੇਤ ਪਿੰਡ ਜਿੰਦਾ ਪਹੁੰਚੇ। ਪੁਲਿਸ ਟੀਮਾਂ ਦੇ ਨਾਲ, ਫੋਰੈਂਸਿਕ ਟੀਮ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ। ਗੁਰਪ੍ਰੀਤ ਸਿੰਘ ਕਾਨੂੰਨ ਦੀ ਪੜ੍ਹਾਈ ਕਰਦਾ ਹੈ। ਉਹ ਜ਼ਿਆਦਾਤਰ ਘਰ ਹੀ ਰਹਿੰਦਾ ਹੈ। ਐਸਐਸਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਗੁਰਪ੍ਰੀਤ ਸਿੰਘ ਇੱਕ ਔਨਲਾਈਨ ਐਪ ਰਾਹੀਂ ਮੰਗਵਾਏ ਗਏ ਕਿਸੇ ਰਸਾਇਣ ਨਾਲ ਪ੍ਰਯੋਗ ਕਰ ਰਿਹਾ ਸੀ, ਅਤੇ ਉਸੇ ਸਮੇਂ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਲਈ ਫੌਜ ਦੀ ਲੋੜ ਪਈ ਤਾਂ ਉਹ ਵੀ ਲਈ ਜਾਵੇਗੀ। ਐਸਐਸਪੀ ਨੇ ਕਿਹਾ ਕਿ ਨੌਜਵਾਨ ਗੁਰਪ੍ਰੀਤ ਸਿੰਘ ਵਿਰੁੱਧ ਨੇਹੀਆਂਵਾਲਾ ਥਾਣੇ ਵਿੱਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ।