
ਲੁਧਿਆਣਾ ਪੁਲਿਸ ਨੇ ਸ਼ੁੱਕਰਵਾਰ ਨੂੰ ਅਗਵਾ ਕੀਤੇ ਗਏ ਢਾਈ ਸਾਲ ਦੇ ਬੱਚੇ ਨੂੰ ਸਿਰਫ਼ 12 ਘੰਟਿਆਂ ਦੇ ਅੰਦਰ-ਅੰਦਰ ਬਰਾਮਦ ਕਰ ਲਿਆ। ਐਸ.ਐਸ.ਪੀ. ਖੰਨਾ ਡਾ. ਜਯੋਤੀ ਯਾਦਵ ਬੈਂਸ ਦੀ ਰਹਿਨੁਮਾਈ ਹੇਠ ਮਾਛੀਵਾੜਾ ਸਾਹਿਬ ਪੁਲਿਸ ਨੇ ਇਸ ਮਾਮਲੇ ਵਿੱਚ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੱਚੇ ਨੂੰ ਖੰਨਾ ਦੇ ਗੜ੍ਹੀ ਤਰਖਾਣਾ ਪਿੰਡ ਤੋਂ ਅਗਵਾ ਕੀਤਾ ਗਿਆ ਸੀ। ਲਕਸ਼ ਪ੍ਰਵਾਸੀ ਨੌਜਵਾਨ ਵਿਕਾਸ ਸਾਹਨੀ ਦਾ ਪੁੱਤਰ ਹੈ।
ਦੱਸ ਦੇਈਏ ਕਿ ਮਾਮਲਾ 18 ਸਤੰਬਰ ਨੂੰ ਸਾਹਮਣੇ ਆਇਆ, ਜਦੋਂ ਵਿਕਾਸ ਕੁਮਾਰ ਵਾਸੀ ਗੜ੍ਹੀ ਤਰਖਾਣਾ ਨੇ ਰਿਪੋਰਟ ਕੀਤੀ ਕਿ ਉਸਦਾ ਢਾਈ ਸਾਲਾ ਬੇਟਾ ਲਕਸ਼ ਉਰਫ਼ ਲੱਡੂ ਘਰੋਂ ਖੇਡਣ ਨਿਕਲਣ ਤੋਂ ਬਾਅਦ ਵਾਪਸ ਨਾ ਆਇਆ। ਸ਼ਿਕਾਇਤ ‘ਤੇ ਥਾਣਾ ਮਾਛੀਵਾੜਾ ਸਾਹਿਬ ਵਿੱਚ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ। ਸੀ.ਸੀ.ਟੀ.ਵੀ. ਕੈਮਰਿਆਂ ਅਤੇ ਤਫ਼ਤੀਸ਼ ਦੌਰਾਨ ਪੁਲਿਸ ਨੇ ਰਮੇਸ਼ ਕੁਮਾਰ ਅਤੇ ਚੰਦਨ ਸਾਹਨੀ ਨੂੰ ਕਾਬੂ ਕੀਤਾ।

ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਹਨਾਂ ਨੇ ਬਬੀਤਾ ਪਤਨੀ ਜੈ ਨਾਥ ਦੇ ਕਹਿਣ ‘ਤੇ ਬੱਚੇ ਨੂੰ ਚੁੱਕਿਆ ਸੀ। ਅੱਗੇ ਦੀ ਜਾਂਚ ‘ਚ ਪਤਾ ਲੱਗਿਆ ਕਿ ਬਬੀਤਾ ਨੇ ਆਪਣੀ ਭੈਣ ਰੀਟਾ ਦੇਵੀ (ਵਾਸੀ ਸਿਰਸਾ) ਅਤੇ ਉਸਦੇ ਪਤੀ ਸੰਤੋਸ਼ ਸਾਹਨੀ ਨੂੰ ਬੱਚਾ ਦੇ ਦਿੱਤਾ ਸੀ। ਇਸ ਯੋਜਨਾ ਦੇ ਪਿੱਛੇ ਕਾਰਨ ਇਹ ਸੀ ਕਿ ਰੀਟਾ ਦੇਵੀ ਦੇ ਕੋਈ ਬੱਚਾ ਨਹੀਂ ਸੀ, ਜਿਸ ਕਰਕੇ ਬੱਚੇ ਨੂੰ ਅਗਵਾ ਕੀਤਾ ਗਿਆ।
ਪੁਲਿਸ ਜਾਂਚ ਅਨੁਸਾਰ ਬੱਚੇ ਨੂੰ ਅਗਵਾ ਕਰਨ ਦੀ ਗੱਲ 1,29,000 ਰੁਪਏ ‘ਤੇ ਤੈਅ ਹੋਈ ਸੀ। ਬਬੀਤਾ ਵੱਲੋਂ 59 ਹਜ਼ਾਰ ਰੁਪਏ ਪਹਿਲਾਂ ਹੀ ਅਦਾ ਕਰ ਦਿੱਤੇ ਗਏ ਸਨ, ਜਦਕਿ 70 ਹਜ਼ਾਰ ਬਾਕੀ ਸਨ। ਪੁਲਿਸ ਨੇ ਸਿਰਸਾ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਬੱਚੇ ਨੂੰ ਸੁਰੱਖਿਅਤ ਬ੍ਰਾਮਦ ਕਰ ਲਿਆ। ਗ੍ਰਿਫ਼ਤਾਰ ਦੋਸ਼ੀਆਂ ਵਿੱਚ ਰਮੇਸ਼ ਕੁਮਾਰ, ਚੰਦਨ ਸਾਹਨੀ, ਬਬੀਤਾ, ਰੀਟਾ ਦੇਵੀ, ਜੈ ਨਾਥ ਅਤੇ ਸੰਤੋਸ਼ ਸਾਹਨੀ ਸ਼ਾਮਲ ਹਨ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੀ ਰਕਮ ਦੀ ਬ੍ਰਾਮਦਗੀ ਕੀਤੀ ਜਾਵੇਗੀ।