ਅਮਰੀਕਾ ਦੇ ਟ੍ਰੇਸੀ ਸ਼ਹਿਰ ਦੇ ਗੁਰਦੁਆਰੇ ਤੋਂ ਕਿਡਨੈਪ ਹੋਏ ਸਿੱਖ ਵਿਅਕਤੀ ਦੀ ਅੱਜ ਲਾਸ਼ ਮਿਲੀ ਹੈ। ਮੌਤ ਦੇ ਕਾਰਨਾਂ ਸਬੰਧੀ ਕੋਈ ਖੁਲਾਸਾ ਨਹੀਂ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਉਮਰ 57 ਸਾਲ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਲੁਧਿਆਣਾ ਨਾਲ ਸਬੰਧਤ ਸੀ ਅਤੇ ਕਈ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ।
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਸ਼ਨੀਵਾਰ ਨੂੰ ਆਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਅਵਤਾਰ ਸਿੰਘ ਦੀ ਦੇਹ ਮਿਲਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਉਹ ਟ੍ਰੇਸੀ ਦੇ ਗੁਰਦੁਆਰਾ ਸਾਹਿਬ ਵਿੱਚ ਰਸੋਈਏ ਵਜੋਂ ਸੇਵਾ ਕਰਦਾ ਸੀ ਅਤੇ ਉਸੇ ਥਾਂ ‘ਤੇ ਰਹਿੰਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਨੇ ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸੀਸੀਟੀਵੀ ਫੁਟੇਜ ਮਿਲੀ ਜਿਸ ਵਿੱਚ ਇੱਕ ਚਿੱਟੀ ਐਸਯੂਵੀ ਅਤੇ ਕਾਲੇ ਕੱਪੜਿਆਂ ਵਿੱਚ ਤਿੰਨ ਆਦਮੀ ਅਵਤਾਰ ਸਿੰਘ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਦਿਖਾਈ ਦੇ ਰਹੇ ਸੀ। ਪੁਲਿਸ ਦੇ ਅਨੁਸਾਰ, 17 ਫਰਵਰੀ ਨੂੰ ਰਾਤ 8:52 ਵਜੇ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ, ਟੀਮ ਨੇ ਡਬਲਯੂ. ਗ੍ਰਾਂਟ ਲਾਈਨ ਰੋਡ ਦੇ 16000 ਬਲਾਕ ‘ਤੇ ਜਾਂਚ ਕੀਤੀ।
ਪੁਲਿਸ ਨੇ ਅਵਤਾਰ ਸਿੰਘ ਅਤੇ ਸ਼ੱਕੀ ਐਸਯੂਵੀ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀਆਂ ਅਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਸੀ। ਅਮਰੀਕੀ ਪੁਲਿਸ ਦੇ ਅਨੁਸਾਰ, ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਤਿੰਨ ਅਣਪਛਾਤੇ ਵਿਅਕਤੀ ਅਵਤਾਰ ਸਿੰਘ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਭੱਜਦੇ ਦਿਖਾਈ ਦੇ ਰਹੇ ਹਨ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹੁਣ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
