ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਤੀਜਾ ਦਿਨ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਦੇ 6 ਮਾਰਚ ਦੇ ਭਾਸ਼ਣ ‘ਤੇ ਬਹਿਸ ਹੋ ਰਹੀ ਹੈ। ਸਦਨ ਦੁਪਹਿਰ 2:30 ਵਜੇ ਤੋਂ ਥੋੜ੍ਹੀ ਦੇਰ ਬਾਅਦ ਮੁੜ ਸ਼ੁਰੂ ਹੋਇਆ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ‘ਚ ਸੂਬੇ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ JEE ਵਰਗੇ ਮੁਕਾਬਲਿਆਂ ‘ਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਕਾਮਯਾਬੀ ਦੇ ਝੰਡੇ ਗੱਡੇ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਾਸਤੇ ਦੇਸ਼ ਤੇ ਵਿਦੇਸ਼ ‘ਚ ਸਿਖਲਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮਾਨ ਸਰਕਾਰ ਦੀ ਮਿਹਨਤ ਸਦਕਾ ਪੰਜਾਬ ਸਿੱਖਿਆ ਦੇ ਖੇਤਰ ‘ਚ ਦੇਸ਼ ਭਰ ‘ਚ ਨੰ. 1 ਬਣਿਆ ਹੈ। ਪੰਜਾਬ ਦੇ ਨੌਜਵਾਨ ਬੱਚੇ ਲਾਇਬ੍ਰੇਰੀਆਂ, ਕਿਤਾਬਾਂ ਤੇ ਸਿੱਖਿਆ ਦੇ ਨਾਲ਼ ਜੁੜ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ UPSC ਵਰਗੇ ਸਖ਼ਤ ਮੁਕਾਬਲਿਆਂ ‘ਚ ਪੰਜਾਬ ਦੇ ਨੌਜਵਾਨ ਨਾਮਣਾ ਖੱਟ ਰਹੇ। ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰੀ ਬਿਜਲੀ ਮੁਫ਼ਤ ਵੀ, ਵਾਧੂ ਵੀ, ਸਸਤੀ ਵੀ ਹੋਈ ਅਤੇ ਬਿਜਲੀ ਬੋਰਡ ਦਾ ਕਰਜ਼ਾ ਵੀ ਉੱਤਰਿਆ ਹੈ। ਕਿਸਾਨਾਂ ਨੂੰ ਦਿਨ ‘ਚ ਅਤੇ ਨਿਰਵਿਘਨ ਬਿਜਲੀ ਦਿਤੀ ਜਾ ਰਹੀ। 21 ਟੋਲ ਪਲਾਜ਼ੇ ਬੰਦ ਕੀਤੇ ਅਤੇ ਲੋਕਾਂ ਲਈ ਸਫ਼ਰ ਬਣਾਇਆ ਕਿਫ਼ਾਇਤੀ। ਇਸ ਨਾਲ ਜਨਤਾ ਨੂੰ ਤਕਰੀਬਨ 68 ਲੱਖ ਰੁਪਏ ਦੀ ਬਚਤ ਰੋਜ਼ਾਨਾ ਹੋ ਰਹੀ ਹੈ।
ਧਾਰਮਿਕ ਗ੍ਰੰਥਾਂ ਦੀਆਂ ਪਾਲਕੀ ਸਾਹਿਬ ਲਈ ਵਰਤੀਆਂ ਜਾਂਦੀਆਂ ਗੱਡੀਆਂ ਲਈ ਪੂਰਾ ਟੈਕਸ ਮੁਆਫ਼ ਕੀਤਾ ਗਿਆ। ਇਸ ਦੇ ਨਾਲ ਹੀ ਕੈਨੇਡਾ ਕੋਲ ਵੀ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਕੋਈ ਯੋਜਨਾ ਨਹੀਂ ਹੈ। ਵਿਰੋਧੀ ਧਿਰ ਹੁਣ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹਿਣ ਕਰਕੇ ਮਹੀਨੇ ਗਿਣ ਰਹੀ ਹੈ। ਅਸੀਂ ਬਿਜਲੀ ਡੇਢ ਰੁਪਏ ਘਟਾ ਦਿੱਤੀ।
ਇਸ ਦੌਰਾਨ ਮੁੱਖ ਮੰਤਰੀ ਨੇ ਬਜਟ ਸੈਸ਼ਨ ਦੌਰਾਨ ਸਦਨ ਨੂੰ ‘ਮੇਰੀ ਰਸੋਈ’ ਯੋਜਨਾ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ। ਇਸ ਯੋਜਨਾ ਰਾਹੀਂ ਵਿੱਤੀ ਚੁਣੌਤੀਆਂ ਵਾਲ਼ੇ ਪਰਿਵਾਰਾਂ ਅਤੇ ਬੱਚਿਆਂ ਦਾ ਪੋਸ਼ਣ ਯਕੀਨੀ ਬਣੇਗਾ। ਆਮ ਆਦਮੀ ਕਲੀਨਿਕ ‘ਚ ਮੁੱਖ ਮੰਤਰੀ ਸਿਹਤ ਯੋਜਨਾ ਅੰਦਰ ਆਉਣ ਵਾਲ਼ੇ ਹਸਪਤਾਲਾਂ ਦੀ ਲਿਸਟ ਰੱਖੀ ਜਾਵੇਗੀ। ਸਰਕਾਰੀ ਹਸਪਤਾਲਾਂ ‘ਚ ਹੁਣ ਤੱਕ 934 ਡਾਕਟਰ ਭਰਤੀ ਕੀਤੇ ਗਏ। CM ਦੀ ਯੋਗਸ਼ਾਲਾ ਨਾਲ਼ ਪੰਜਾਬ ਤੰਦਰੁਸਤ ਬਣ ਰਿਹਾ।
ਉਨ੍ਹਾਂ ਦੱਸਿਆ ਕਿ 3200 ਕਰੋੜ ਰੁਪਏ ਦੀ ਲਾਗਤ ਦੇ ਟਾਟਾ ਸਟੀਲ ਦੇ ਪਲਾਂਟ ਦਾ 20 ਮਾਰਚ ਨੂੰ ਉਦਘਾਟਨ ਹੋਵੇਗਾ। 4,000 ਨੌਜਵਾਨਾਂ ਨੂੰ ਸਿੱਧਾ ਅਤੇ ਸੈਂਕੜੇ ਹੋਰਾਂ ਨੂੰ ਅਸਿੱਧੇ ਤਰੀਕੇ ਨਾਲ ਰੁਜ਼ਗਾਰ ਤੇ ਵਪਾਰ ਮਿਲੇਗਾ। ਇਸ ਦੇ ਨਾਲ ਹੀ ਬਾਗ਼ਬਾਨੀ ਖੇਤਰ ‘ਚ ਪੰਜਾਬ ਨੂੰ ਜਾਪਾਨ ਤੋਂ 1,300 ਕਰੋੜ ਰੁਪਏ ਦਾ ਨਿਵੇਸ਼ ਹਾਸਲ ਹੋਇਆ ਹੈ। ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਸ਼ਿਕਾਇਤਾਂ ਨਾਲ਼ ਹੋਈਆਂ 1 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ
CM ਮਾਨ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨਾਲ਼ ਬਜ਼ੁਰਗਾਂ ਦਾ ਖ਼ਿਆਲ ਰੱਖਿਆ ਜਾ ਰਿਹਾ ਹੈ। ਹੜ੍ਹ ਪੀੜਤਾਂ ਦੀ ਮਦਦ ਲਈ ਸਮੇਂ ਸਿਰ ਮੁਆਵਜ਼ਾ ਦਿੱਤਾ ਗਿਆ। ਜਿਸਦਾ ਖੇਤ, ਉਸਦੀ ਰੇਤ ਨਾਲ਼ ਕਿਸਾਨ ਖ਼ੁਸ਼ਹਾਲ ਹੋਏ। 33 ਕਰੋੜ 96 ਲੱਖ ਦੀ ਲਾਗਤ ਨਾਲ਼ 84,890 ਕਵਿੰਟਲ ਕਣਕ ਦਾ ਬੀਜ ਮੁਫ਼ਤ ਵੰਡਿਆ ਗਿਆ। ਈਜ਼ੀ ਰਜਿਸਟਰੀ ਨਾਲ਼ ਲੋਕਾਂ ਦੀ ਖੱਜਲ ਖ਼ੁਆਰੀ ਦੂਰ ਹੋਈ। 881 ਆਮ ਆਦਮੀ ਕਲੀਨਿਕ ਨਾਲ ਕਰੋੜਾਂ ਲੋਕਾਂ ਨੂੰ ਫ਼ਾਇਦਾ ਮਿਲਿਆ।
