ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਵਿਖੇ ਟਾਟਾ ਗ੍ਰੀਨ ਸਟੀਲ ਪਲਾਂਟ ਦਾ ਰਸਮੀ ਉਦਘਾਟਨ ਕੀਤਾ। ਪੰਜਾਬ ਹੁਣ ਗ੍ਰੀਨ ਸਟੀਲ ਪੈਦਾ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕੋਈ ਪੰਜਾਬ ਵਿੱਚ ਰੇਹੜੀ ਵਾਲਾ ਹੋਵੇ ਜਾਂ ਟਾਟਾ ਸਟੀਲ ਪਲਾਂਟ ਚਲਾਉਂਦਾ ਹੋਵੇ, ਇੱਥੇ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ। ਇਹ ਗੁਰੂਆਂ ਦੀ ਧਰਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਅੱਜ ਲੁਧਿਆਣਾ ਜ਼ਿਲ੍ਹੇ ਵਿਖੇ ਟਾਟਾ ਸਟੀਲ ਪਲਾਂਟ ਦਾ ਉਦਘਾਟਨ ਕਰਕੇ ਪੰਜਾਬ ਦੇ ਉਦਯੋਗਿਕ ਭਵਿੱਖ ਦੀ ਮਜ਼ਬੂਤ ਨੀਂਹ ਰੱਖੀ। 115 ਏਕੜ ਵਿੱਚ ਫੈਲਿਆ ਇਹ ਟਾਟਾ ਸਟੀਲ ਪ੍ਰੋਜੈਕਟ, ਜੋ ਲਗਭਗ ₹3200 ਕਰੋੜ ਦੇ ਵੱਡੇ ਨਿਵੇਸ਼ ਨਾਲ ਤਿਆਰ ਹੋਇਆ ਹੈ। ਇਹ ਪ੍ਰੋਜੈਕਟ ਸਿੱਧੇ ਤੌਰ ’ਤੇ 2500 ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗਾ।

ਇਹ ਮਾਣ ਦੀ ਗੱਲ ਹੈ ਕਿ ਜਮਸ਼ੇਦਪੁਰ ਤੋਂ ਬਾਅਦ ਦੇਸ਼ ਦਾ ਦੂਜਾ ਵੱਡਾ ਸਟੀਲ ਪਲਾਂਟ ਪੰਜਾਬ ਵਿੱਚ ਲੱਗਿਆ ਹੈ, ਅਤੇ ਇਹ ਦੇਸ਼ ਦਾ ਪਹਿਲਾ ਇਲੈਕਟ੍ਰਿਕ ਆਰਕ ਫਰਨੇਸ ਆਧਾਰਿਤ ਪਲਾਂਟ ਹੈ, ਜੋ ਆਧੁਨਿਕ ਅਤੇ ਵਾਤਾਵਰਣ-ਮਿੱਤਰ ਉਦਯੋਗ ਵੱਲ ਵੱਡਾ ਕਦਮ ਹੈ। ਜਿੱਥੇ ਕਦੇ ਪੰਜਾਬ ਦੇ ਉਦਯੋਗ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਉੱਥੇ ਅੱਜ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਪੰਜਾਬ ’ਤੇ ਭਰੋਸਾ ਕਰ ਰਹੀਆਂ ਹਨ। ਪੰਜਾਬ ਹੁਣ ਕਿਸੇ ਵੀ ਖੇਤਰ ’ਚ ਪਿੱਛੇ ਨਹੀਂ ਰਹੇਗਾ। ਸੂਬੇ ਦੇ ਉਦਯੋਗਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਵਚਨਬੱਧ ਹੈ।
