ਚੰਡੀਗੜ੍ਹ ਪ੍ਰਸ਼ਾਸਨ ਨੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਦਿੰਦਿਆਂ ਰੈਗੁਲਰ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਸਭ ਤੋਂ ਪਹਿਲਾਂ 234 ਕਲਰਕ ਅਤੇ 23 ਸਟੇਨੋ ਟਾਈਪਿਸਟ ਅਸਾਮੀਆਂ ਨੂੰ ਭਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਸ਼ਾਸਨ ਵਲੋਂ ਜਾਰੀ ਜਾਣਕਾਰੀ ਮੁਤਾਬਕ 6 ਅਪ੍ਰੈਲ ਤੋਂ ਯੋਗ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੇ ਸਕਣਗੇ।

ਯੂ. ਟੀ. ਪ੍ਰਸ਼ਾਸਨ ਨੇ ਇਨ੍ਹਾਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨੂੰ 4 ਤੋਂ 6 ਮਹੀਨਿਆਂ ਦੇ ਅੰਦਰ ਪੂਰਾ ਕਰਨ ਦਾ ਟੀਚਾ ਰੱਖਿਆ ਹੈ। ਸੈਂਟਰਲ ਸਰਵਿਸ ਰੂਲਜ਼ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇੰਨੀ ਵੱਡੀ ਗਿਣਤੀ ‘ਚ ਕਲਰਕ ਅਤੇ ਸਟੇਨੋ ਟਾਈਪਿਸਟਾਂ ਦੀ ਰੈਗੁਲਰ ਭਰਤੀ ਕੀਤੀ ਜਾ ਰਹੀ ਹੈ, ਜਿਸ ਨਾਲ ਨੌਜਵਾਨਾਂ ‘ਚ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਆਨਲਾਈਨ ਸਿਸਟਮ ਤਿਆਰ ਕੀਤਾ ਗਿਆ ਹੈ। ਅਰਜ਼ੀ ਪ੍ਰਕਿਰਿਆ ਖਤਮ ਹੋਣ ਤੋਂ ਇੱਕ ਤੋਂ ਡੇਢ ਮਹੀਨੇ ਦੇ ਅੰਦਰ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ। ਲਿਖਤੀ ਪ੍ਰੀਖਿਆ ‘ਚ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਦਾ ਟਾਈਪਿੰਗ ਟੈਸਟ ਅਤੇ ਸਟੇਨੋ ਟੈਸਟ ਵੀ ਲਿਆ ਜਾਵੇਗਾ। ਇਹ ਭਰਤੀ ਪ੍ਰਕਿਰਿਆ ਕਿਸੇ ਨਿਰਪੱਖ ਏਜੰਸੀ ਰਾਹੀਂ ਕਰਵਾਈ ਜਾਵੇਗੀ।
