ਕਣਕ ਦੀ ਖ਼ਰੀਦ ਦੇ ਸੀਜ਼ਨ ਦੌਰਾਨ ਪਿਛਲੇ ਇੱਕ ਹਫ਼ਤੇ ਤੋਂ ਹੜਤਾਲ ‘ਤੇ ਗਏ ਪੰਜਾਬ ਦੇ ਆੜ੍ਹਤੀਆਂ ਨੇ ਹੁਣ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ। ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਤੇ ਆੜ੍ਹਤੀਆਂ ਵਿਚਕਾਰ ਮੀਟਿੰਗ ਹੋਈ। ਇਸ ਮੀਟਿੰਗ ‘ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਮੌਜੂਦ ਸਨ।
ਸਰਕਾਰ ਨਾਲ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਕਿਹਾ ਕਿ ਹੜਤਾਲ ਖ਼ਤਮ ਨਹੀਂ, ਸਗੋਂ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਕਿਹਾ ਕਿ ਅੱਜ ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਅਸੀਂ ਆਪਣੀ ਹੜਤਾਲ ਮੁਲਤਵੀ ਵੀ ਕਰ ਦਿੱਤੀ ਹੈ ਅਤੇ ਜਿੱਦਾਂ ਹੀ ਕਣਕ ਦਾ ਸੀਜ਼ਨ ਖਤਮ ਹੋ ਜਾਏਗਾ ਉਸ ਤੋਂ ਬਾਅਦ ਜੇਕਰ ਮੰਗਾ ਪੂਰੀਆਂ ਨਾ ਹੋਈਆਂ ਤਾਂ ਹੜਤਾਲ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ।
ਇਸ ਮੀਟਿੰਗ ਵਿਚ ਆੜ੍ਹਤੀਆਂ ਵਲੋਂ ਢਾਈ ਪ੍ਰਤੀਸ਼ਤ ਆੜ੍ਹਤ ਦੇਣ ਦੇ ਮੁੱਦੇ ਨੂੰ ਵਿਸ਼ੇਸ਼ ਤੌਰ ’ਤੇ ਚੁੱਕਿਆ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨਾਲ ਆੜ੍ਹਤੀਆਂ ਵਲੋਂ ਹੋਰ ਵੀ ਆਪਣੀਆਂ ਮੰਗਾਂ ਸੰਬੰਧੀ ਮੰਤਰੀਆਂ ਨੂੰ ਜਾਣੂ ਕਰਵਾਇਆ। ਵਿਜੇ ਕਾਲੜਾ ਨੇ ਕਿਹਾ ਕਿ ਕੱਲ੍ਹ ਤੋਂ ਭਾਵ 9 ਅਪ੍ਰੈਲ ਤੋਂ ਪੰਜਾਬ ਦੀਆਂ ਮੰਡੀਆਂ ਵਿਚ ਆਮ ਵਾਂਗ ਕੰਮਕਾਜ ਹੋਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਕੇਂਦਰ ਸਰਕਾਰ ਨਾਲ ਜਲਦ ਮੁਲਾਕਾਤ ਕੀਤੀ ਜਾਵੇਗੀ ਕਿਉਂਕਿ ਕੁਝ ਸਟੇਟਾਂ ਵਿੱਚ ਇਲੈਕਸ਼ਨ ਹੋ ਰਹੇ ਨੇ ਅਜਿਹੇ ਵਿੱਚ ਜਿਵੇਂ ਹੀ ਕੇਂਦਰੀ ਮੰਤਰੀ ਵਿਹਲੇ ਹੋ ਜਾਣਗੇ ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਨਾਲ ਮੁਲਾਕਾਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪਹਿਲ ਕੀਤੀ ਜਾਏਗੀ ਪਰ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਕਣਕ ਦੇ ਸੀਜ਼ਨ ਤੋਂ ਬਾਅਦ ਅਸੀਂ ਫਿਰ ਤੋਂ ਹੜਤਾਲ ਦੇ ਉੱਪਰ ਜਾਵਾਂਗੇ।
ਇਸੇ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੇ ਇਹ ਵੀ ਕਿਹਾ ਕਿ ਜਿਥੋਂ ਤੱਕ ਆੜ੍ਹਤੀਆਂ ਦੀਆਂ ਦੀਆਂ ਮੰਗਾਂ ਦਾ ਕੇਂਦਰ ਨਾਲ ਸੰਬੰਧ ਹੈ, ਅਸੀਂ ਇਨ੍ਹਾਂ ਨਾਲ ਰਲ ਮਿਲ ਕੇ ਉਸ ਨੂੰ ਨਜਿੱਠਣ ਦਾ ਯਤਨ ਕਰਾਂਗੇ। ਇਸੇ ਤਰ੍ਹਾਂ ਦਾ ਪ੍ਰਗਟਾਵਾ ਮੀਟਿੰਗ ਦੌਰਾਨ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਵੀ ਕੀਤਾ ਗਿਆ। ਮੀਟਿੰਗ ਵਿਚ ਵਿਜੇ ਕਾਲੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿਛਲੇ ਦਿਨੀਂ ਆੜ੍ਹਤੀਆਂ ਪ੍ਰਤੀ ਦਿੱਤੇ ਬਿਆਨ ਸੰਬੰਧੀ ਪਾਏ ਜਾ ਰਹੇ ਰੋਸ ਨੂੰ ਵੀ ਮੰਤਰੀਆਂ ਨਾਲ ਸਾਂਝਾ ਕੀਤਾ।
