ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਤੋਂ ਅੱਜ ਪੰਜਾਬ ਵਿੱਚ ਅੰਡਰਗਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਸ ਇਤਿਹਾਸਿਕ ਪ੍ਰੋਜੈਕਟ ਨਾਲ਼ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਖੰਭਿਆਂ ਤੋਂ ਛੁਟਕਾਰਾ ਮਿਲੇਗਾ ਅਤੇ ਅੰਡਰਗਰਾਊਂਡ ਬਿਜਲੀ ਦੀ ਸਪਲਾਈ ਵਾਲ਼ਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਇਸ ਮੌਕੇ CM ਮਾਨ ਨੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਵੀ ਕੀਤਾ, ਜਿਸ ਦੌਰਾਨ ਲੋਕਾਂ ਨੇ ਇਸ ਕਾਰਜ ਲਈ CM ਮਾਨ ਦਾ ਧੰਨਵਾਦ ਕੀਤਾ।
CM ਮਾਨ ਨੇ ਕਿਹਾ ਸਾਡੇ ਸੁਪਨਿਆਂ ਦੇ ‘ਰੋਸ਼ਨ ਪੰਜਾਬ’ ਦੀ ਸਿਰਜਣਾ ਵੱਲ ਇੱਕ ਹੋਰ ਇਤਿਹਾਸਿਕ ਕਦਮ ਪੁੱਟਦਿਆਂ ਹੋਇਆਂ, ਅੱਜ ਪਿੰਡ ਸਤੌਜ ਵਿਖੇ ਬਿਜਲੀ ਦੀਆਂ ਤਾਰਾਂ ਨੂੰ ਅੰਡਰਗ੍ਰਾਊਂਡ ਕਰਨ ਦੇ ਅਤਿ-ਆਧੁਨਿਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਉਪਰਾਲਾ ਸਿਰਫ਼ ਪਿੰਡਾਂ ਅਤੇ ਸ਼ਹਿਰਾਂ ਦੀ ਦਿੱਖ ਨੂੰ ਹੀ ਨਹੀਂ ਸੰਵਾਰੇਗਾ, ਸਗੋਂ ਸਾਡੇ ਸ਼ਹਿਰੀ ਤੇ ਪੇਂਡੂ ਖੇਤਰਾਂ ਨੂੰ ਤੂਫਾਨਾਂ ਜਾਂ ਆਂਧੀ ਦੌਰਾਨ ਹੋਣ ਵਾਲੇ ਬਿਜਲੀ ਕੱਟਾਂ ਅਤੇ ਹਾਦਸਿਆਂ ਤੋਂ ਮੁਕੰਮਲ ਸੁਰੱਖਿਆ ਪ੍ਰਦਾਨ ਕਰੇਗਾ।
ਇਸ ਨਾਲ ਸਾਡੇ ਘਰਾਂ, ਵਪਾਰਕ ਅਦਾਰਿਆਂ ਅਤੇ ਖੇਤਾਂ ਨੂੰ ਨਿਰਵਿਘਨ, ਸੁਰੱਖਿਅਤ ਅਤੇ ਵਧੇਰੇ ਕੁਸ਼ਲ ਬਿਜਲੀ ਸਪਲਾਈ ਮਿਲੇਗੀ, ਜਿਸ ਨਾਲ ਹਰ ਨਾਗਰਿਕ ਦਾ ਜੀਵਨ ਪੱਧਰ ਹੋਰ ਉੱਚਾ ਹੋਵੇਗਾ। ਇਹ ਉੱਦਮ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦੇ ਸਾਡੇ ਵੱਡੇ ਵਿਜ਼ਨ ਦਾ ਇੱਕ ਮੁੱਖ ਹਿੱਸਾ ਹੈ, ਜਿਸ ਵਿੱਚ ਅਸੀਂ ਪੂਰੀ ਪਾਰਦਰਸ਼ਤਾ ਅਤੇ ਮਿਆਰੀ ਕੰਮਕਾਜ ਨੂੰ ਯਕੀਨੀ ਬਣਾ ਰਹੇ ਹਾਂ। ਤੁਹਾਡੀ ਸੇਵਾ ਅਤੇ ਪੰਜਾਬ ਦੀ ਤਰੱਕੀ ਲਈ ਤੁਹਾਡੀ ਸਰਕਾਰ ਦਿਨ-ਰਾਤ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ।
