Punjab School Holidays: ਪੰਜਾਬ ਵਿੱਚ ਭਿਆਨਕ ਗਰਮੀ ਅਤੇ ਲਗਾਤਾਰ ਵੱਧਦੇ ਤਾਪਮਾਨ ਵਿਚਕਾਰ ਸਕੂਲੀ ਬੱਚਿਆਂ ਅਤੇ ਮਾਪਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਬੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਜਲਦ ਹੀ ਸਮਰ ਵੇਕੇਸ਼ਨ ਦਾ ਐਲਾਨ ਕਰ ਸਕਦੀ ਹੈ।
ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਹੀਟਵੇਵ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਮਾਪੇ ਅਤੇ ਅਧਿਆਪਕ ਛੁੱਟੀਆਂ ਦੀ ਮੰਗ ਕਰ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਸਕੂਲਾਂ ਵਿੱਚ 23 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਰਿਪੋਰਟਾਂ ਮੁਤਾਬਕ ਪੰਜਾਬ ਸਰਕਾਰ ਵੀ ਜਲਦ ਹੀ ਸਕੂਲਾਂ ਵਿੱਚ ਸਮਰ ਵੇਕੇਸ਼ਨ ਨੂੰ ਲੈ ਕੇ ਫੈਸਲਾ ਕਰ ਸਕਦੀ ਹੈ। ਕਈ ਜ਼ਿਲ੍ਹਿਆਂ ਵਿੱਚ ਸਕੂਲਾਂ ਦੇ ਸਮੇਂ ਪਹਿਲਾਂ ਹੀ ਬਦਲੇ ਜਾ ਚੁੱਕੇ ਹਨ ਤਾਂ ਜੋ ਬੱਚਿਆਂ ਨੂੰ ਦੁਪਹਿਰ ਦੀ ਤਿੱਖੀ ਗਰਮੀ ਤੋਂ ਬਚਾਇਆ ਜਾ ਸਕੇ।
ਹਾਲਾਂਕਿ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਸਬੰਧੀ ਕੋਈ ਅਧਿਕਾਰਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਪਰ ਮੌਸਮ ਵਿਭਾਗ ਦੇ ਹੀਟਵੇਵ ਅਲਰਟ ਅਤੇ ਲਗਾਤਾਰ ਵੱਧ ਰਹੀ ਗਰਮੀ ਨੂੰ ਦੇਖਦਿਆਂ ਜਲਦ ਐਲਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਭਿਆਨਕ ਗਰਮੀ ਦੇ ਮੱਦੇਨਜ਼ਰ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸਾਲ 2022 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਦੀ ਗਰਮੀ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਸਮਰ ਵੇਕੇਸ਼ਨ ਦਾ ਐਲਾਨ ਕੀਤਾ ਸੀ।
