ਆਈਪੀਐਲ 2026 ਦਾ ਖਿਤਾਬ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਆਪਣੇ ਨਾਮ ਕਰ ਲਿਆ। ਫਾਈਨਲ ਵਿੱਚ ਗੁਜਰਾਤ ਟਾਈਟਨਜ਼ (GT) ਨੂੰ ਹਰਾਕੇ RCB ਨੇ ਲਗਾਤਾਰ ਦੂਜੀ ਵਾਰ ਟਰਾਫੀ ਜਿੱਤੀ। ਖਿਤਾਬ ਦੇ ਨਾਲ ਟੀਮ ਨੂੰ 20 ਕਰੋੜ ਰੁਪਏ ਦੀ ਇਨਾਮੀ ਰਕਮ ਵੀ ਮਿਲੀ, ਜਦਕਿ ਉਪ-ਵਿਜੇਤਾ ਗੁਜਰਾਤ ਟਾਈਟਨਜ਼ ਨੂੰ 12.5 ਕਰੋੜ ਰੁਪਏ ਦਿੱਤੇ ਗਏ।
ਇਸ ਸੀਜ਼ਨ ਦਾ ਸਭ ਤੋਂ ਵੱਡਾ ਆਕਰਸ਼ਣ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਰਿਹਾ। ਰਾਜਸਥਾਨ ਰਾਇਲਜ਼ ਦੇ ਇਸ ਨੌਜਵਾਨ ਖਿਡਾਰੀ ਨੇ ਆਪਣੇ ਧਮਾਕੇਦਾਰ ਪ੍ਰਦਰਸ਼ਨ ਨਾਲ ਕਈ ਵਿਅਕਤੀਗਤ ਐਵਾਰਡ ਆਪਣੇ ਨਾਮ ਕੀਤੇ। ਉਸ ਨੇ ਆਰੇਂਜ ਕੈਪ ਜਿੱਤੀ ਅਤੇ ਸੀਜ਼ਨ ਦਾ ਸਭ ਤੋਂ ਕੀਮਤੀ ਖਿਡਾਰੀ (MVP) ਵੀ ਚੁਣਿਆ ਗਿਆ।
ਵੈਭਵ ਸੂਰਿਆਵੰਸ਼ੀ ਨੇ ਇਸ ਸੀਜ਼ਨ 776 ਦੌੜਾਂ ਬਣਾਈਆਂ ਅਤੇ ਕਈ ਰਿਕਾਰਡ ਤੋੜੇ। ਉਸ ਨੂੰ ਆਰੇਂਜ ਕੈਪ, ਸੁਪਰ ਸਿਕਸਜ਼ ਆਫ ਦ ਸੀਜ਼ਨ, ਸੁਪਰ ਸਟ੍ਰਾਈਕਰ ਆਫ ਦ ਸੀਜ਼ਨ, ਐਮਰਜਿੰਗ ਪਲੇਅਰ ਆਫ ਦ ਸੀਜ਼ਨ ਅਤੇ MVP ਵਰਗੇ ਸਨਮਾਨ ਮਿਲੇ।
ਗੇਂਦਬਾਜ਼ੀ ਵਿੱਚ ਕਾਗਿਸੋ ਰਬਾਡਾ ਨੇ ਸਭ ਤੋਂ ਵੱਧ ਵਿਕਟਾਂ ਲੈ ਕੇ ਪਰਪਲ ਕੈਪ ਆਪਣੇ ਨਾਮ ਕੀਤੀ। ਉੱਥੇ ਹੀ ਸਾਈ ਸੁਧਰਸਨ ਨੇ ਸੀਜ਼ਨ ਵਿੱਚ ਸਭ ਤੋਂ ਵੱਧ ਚੌਕੇ ਲਗਾਉਣ ਦਾ ਸਨਮਾਨ ਹਾਸਲ ਕੀਤਾ, ਜਦਕਿ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ ਡਾਟ ਗੇਂਦਾਂ ਸੁੱਟਣ ਦਾ ਰਿਕਾਰਡ ਬਣਾਇਆ।
BCCI ਵੱਲੋਂ IPL 2026 ਲਈ ਕੁੱਲ ਕਰੀਬ 46.5 ਕਰੋੜ ਰੁਪਏ ਦੀ ਇਨਾਮੀ ਰਕਮ ਰੱਖੀ ਗਈ ਸੀ। ਇਸ ਵਿੱਚ ਟੀਮਾਂ ਦੇ ਨਾਲ-ਨਾਲ ਵਿਅਕਤੀਗਤ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਵੱਖ-ਵੱਖ ਐਵਾਰਡ ਅਤੇ ਨਕਦ ਇਨਾਮ ਦਿੱਤੇ ਗਏ।
