ਨਵੀਂ ਦਿੱਲੀ: ਭਾਰਤੀ ਪੁਰਸ਼ ਅੰਡਰ-18 ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-18 ਏਸ਼ੀਆ ਕੱਪ 2026 ਦਾ ਖਿਤਾਬ ਆਪਣੇ ਨਾਮ ਕਰ ਲਿਆ। ਸ਼ਨੀਵਾਰ ਨੂੰ ਜਾਪਾਨ ਦੇ ਕਾਕਾਮਿਗਾਹਾਰਾ ਸਥਿਤ ਕਾਵਾਸਾਕੀ ਹੈਵੀ ਇੰਡਸਟ੍ਰੀਜ਼ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਮੇਜ਼ਬਾਨ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਖਿਤਾਬ ਜਿੱਤਣ ਦਾ ਮਾਣ ਹਾਸਲ ਕੀਤਾ।
ਭਾਰਤ ਦੀ ਜਿੱਤ ਦੇ ਹੀਰੋ ਆਸ਼ੀਸ਼ ਪੁਰਤੀ ਰਹੇ, ਜਿਨ੍ਹਾਂ ਨੇ ਸ਼ਾਨਦਾਰ ਹੈਟ੍ਰਿਕ ਜੜਦਿਆਂ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਟੀਮ ਦੇ ਕਪਤਾਨ ਕੇਤਨ ਕੁਸ਼ਵਾਹਾ ਨੇ ਇੱਕ ਹੋਰ ਗੋਲ ਕਰਕੇ ਭਾਰਤ ਦੀ ਬੜਤ ਨੂੰ ਮਜ਼ਬੂਤ ਕੀਤਾ। ਜਾਪਾਨ ਲਈ ਇਕਲੌਤਾ ਗੋਲ ਗਾਕੂ ਨੁਮਾਡਾ ਨੇ ਕੀਤਾ।
ਪੂਰੇ ਮੈਚ ਦੌਰਾਨ ਭਾਰਤੀ ਖਿਡਾਰੀਆਂ ਨੇ ਹਮਲਾਵਰ ਖੇਡ ਦਿਖਾਈ ਅਤੇ ਜਾਪਾਨੀ ਟੀਮ ‘ਤੇ ਦਬਾਅ ਬਣਾਈ ਰੱਖਿਆ। ਭਾਰਤੀ ਡਿਫੈਂਸ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ।
ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਟੂਰਨਾਮੈਂਟ ਦੌਰਾਨ ਭਾਰਤੀ ਟੀਮ ਨੇ ਲਗਾਤਾਰ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਦਬਦਬੇ ਦਾ ਸਬੂਤ ਦਿੱਤਾ।
ਭਾਰਤ ਦੀ ਇਸ ਇਤਿਹਾਸਕ ਜਿੱਤ ਨਾਲ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਹੈ। ਨੌਜਵਾਨ ਖਿਡਾਰੀਆਂ ਦੀ ਇਸ ਉਪਲਬਧੀ ਨੂੰ ਭਾਰਤੀ ਹਾਕੀ ਦੇ ਉੱਜਵਲ ਭਵਿੱਖ ਵਜੋਂ ਦੇਖਿਆ ਜਾ ਰਿਹਾ ਹੈ।
