ਆਇਰਲੈਂਡ ਨੇ ਟੀ-20 ਕ੍ਰਿਕਟ ਵਿੱਚ ਨਵਾਂ ਇਤਿਹਾਸ ਰਚਦਿਆਂ ਮੌਜੂਦਾ ਵਿਸ਼ਵ ਚੈਂਪੀਅਨ ਭਾਰਤ ਨੂੰ ਪਹਿਲੀ ਵਾਰ ਕਿਸੇ ਟੀ-20 ਸੀਰੀਜ਼ ਵਿੱਚ ਹਰਾ ਦਿੱਤਾ ਹੈ। ਬੇਲਫਾਸਟ ਵਿੱਚ ਖੇਡੇ ਗਏ ਦੂਜੇ ਟੀ-20 ਮੁਕਾਬਲੇ ਵਿੱਚ ਆਇਰਲੈਂਡ ਨੇ ਇੱਕ ਦੌੜ ਨਾਲ ਰੋਮਾਂਚਕ ਜਿੱਤ ਦਰਜ ਕਰਦਿਆਂ 2-0 ਨਾਲ ਸੀਰੀਜ਼ ਆਪਣੇ ਨਾਂ ਕਰ ਲਈ।
ਇਸ ਹਾਰ ਨਾਲ ਭਾਰਤੀ ਟੀਮ ਨੂੰ ਤਿੰਨ ਸਾਲਾਂ ਬਾਅਦ ਕਿਸੇ ਟੀ-20 ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ 2023 ਵਿੱਚ ਵੈਸਟਇੰਡੀਜ਼ ਨੇ ਭਾਰਤ ਨੂੰ 3-2 ਨਾਲ ਹਰਾਇਆ ਸੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਆਇਰਲੈਂਡ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 154 ਦੌੜਾਂ ਬਣਾਈਆਂ। ਟੀਮ ਲਈ ਹੈਰੀ ਟੈਕਟਰ ਨੇ ਸਭ ਤੋਂ ਵੱਧ 53 ਦੌੜਾਂ ਦੀ ਅਹਿਮ ਪਾਰੀ ਖੇਡੀ। ਭਾਰਤ ਵੱਲੋਂ ਡੈਬਿਊ ਕਰ ਰਹੇ ਪ੍ਰਿੰਸ ਯਾਦਵ ਨੇ ਪ੍ਰਭਾਵਸ਼ਾਲੀ ਗੇਂਦਬਾਜ਼ੀ ਕਰਦਿਆਂ ਸਭ ਤੋਂ ਵੱਧ ਵਿਕਟਾਂ ਆਪਣੇ ਨਾਂ ਕੀਤੀਆਂ।
155 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਆਖਰੀ ਓਵਰ ਤੱਕ ਸੰਘਰਸ਼ ਕਰਦੀ ਰਹੀ, ਪਰ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਹੀ ਬਣਾ ਸਕੀ। ਤਿਲਕ ਵਰਮਾ ਨੇ ਸਭ ਤੋਂ ਵੱਧ 55 ਦੌੜਾਂ ਦੀ ਲੜਾਕੂ ਪਾਰੀ ਖੇਡੀ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਆਇਰਲੈਂਡ ਵੱਲੋਂ ਜੈ ਮੰਦੂੜਾ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ।
ਇਸ ਮੈਚ ਵਿੱਚ ਵੀ ਨੌਜਵਾਨ ਬੱਲੇਬਾਜ਼ ਵੈਭਵ ਸੂਰਯਵੰਸ਼ੀ ਨੂੰ ਡੈਬਿਊ ਦਾ ਮੌਕਾ ਨਹੀਂ ਮਿਲਿਆ, ਜਿਸ ਕਾਰਨ ਕ੍ਰਿਕਟ ਪ੍ਰੇਮੀਆਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲੀ।
ਸੀਰੀਜ਼ ਦੌਰਾਨ ਭਾਰਤ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਟੌਪ ਆਰਡਰ ਦੀ ਨਾਕਾਮੀ ਰਹੀ। ਪਹਿਲੇ ਟੀ-20 ਵਿੱਚ ਵੀ ਸੰਜੂ ਸੈਮਸਨ, ਈਸ਼ਾਨ ਕਿਸ਼ਨ ਅਤੇ ਕਪਤਾਨ ਸ਼੍ਰੇਅਸ ਅਈਅਰ ਸਸਤੇ ਵਿੱਚ ਆਊਟ ਹੋ ਗਏ ਸਨ। ਅਭਿਸ਼ੇਕ ਸ਼ਰਮਾ ਨੇ ਤੇਜ਼ ਅਰਧ ਸੈਂਕੜਾ ਲਗਾ ਕੇ ਉਮੀਦ ਜਗਾਈ ਸੀ, ਪਰ ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਪੂਰੀ ਬੱਲੇਬਾਜ਼ੀ ਲੜਖੜਾ ਗਈ ਅਤੇ ਭਾਰਤ 148 ਦੌੜਾਂ ‘ਤੇ ਆਲਆਊਟ ਹੋ ਗਿਆ। ਦੋਵੇਂ ਮੁਕਾਬਲਿਆਂ ਵਿੱਚ ਟੌਪ ਆਰਡਰ ਦੀ ਕਮਜ਼ੋਰ ਬੱਲੇਬਾਜ਼ੀ ਭਾਰਤੀ ਟੀਮ ਲਈ ਸਭ ਤੋਂ ਵੱਡੀ ਚਿੰਤਾ ਬਣ ਕੇ ਸਾਹਮਣੇ ਆਈ।
