ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਪੱਸ਼ਟ ਕੀਤਾ ਹੈ ਕਿ ‘ਸਤਲੁਜ’ ਫਿਲਮ ਨੂੰ ਓਟੀਟੀ ਪਲੇਟਫਾਰਮ ਤੋਂ ਹਟਾਏ ਜਾਣ ਵਿੱਚ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਆਗੂਆਂ ਵੱਲੋਂ ਇਸ ਮਾਮਲੇ ਲਈ ਭਾਜਪਾ ਜਾਂ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਯਤਨ ਪੂਰੀ ਤਰ੍ਹਾਂ ਬੇਬੁਨਿਆਦ, ਗੁਮਰਾਹਕੁੰਨ ਅਤੇ ਤੱਥਾਂ ਤੋਂ ਪਰੇ ਹਨ।
ਜਲੰਧਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਸਹੀ ਪ੍ਰਸੰਗ ਵਿੱਚ ਦੇਖਣ ਦੀ ਲੋੜ ਹੈ। ਉਨ੍ਹਾਂ ਮੁਤਾਬਕ ਫਿਲਮ ਵਿੱਚ ਜਿਨ੍ਹਾਂ ਘਟਨਾਵਾਂ ਨੂੰ ਦਰਸਾਇਆ ਗਿਆ ਹੈ, ਉਹ ਉਸ ਦੌਰ ਨਾਲ ਸਬੰਧਤ ਹਨ ਜਦੋਂ ਪੰਜਾਬ ਅਤੇ ਕੇਂਦਰ ਦੋਵਾਂ ਵਿੱਚ ਕਾਂਗਰਸ ਦੀ ਸਰਕਾਰ ਸੀ। ਅਜਿਹੇ ਵਿੱਚ ਉਸ ਸਮੇਂ ਦੇ ਘਟਨਾਕ੍ਰਮ ਜਾਂ ਫਿਲਮ ਦੀ ਪੇਸ਼ਕਾਰੀ ਨੂੰ ਭਾਜਪਾ ਨਾਲ ਜੋੜਨਾ ਸਿਆਸੀ ਤੌਰ ’ਤੇ ਪ੍ਰੇਰਿਤ ਅਤੇ ਤੱਥਹੀਣ ਹੈ।
ਬਿੱਟੂ ਨੇ ਕਿਹਾ ਕਿ ਡਿਜੀਟਲ ਸਟ੍ਰੀਮਿੰਗ ਪਲੇਟਫਾਰਮਾਂ ਨਾਲ ਸਬੰਧਤ ਕਾਨੂੰਨੀ ਪ੍ਰਬੰਧਾਂ ਨੂੰ ਸਮਝਣਾ ਵੀ ਜ਼ਰੂਰੀ ਹੈ। ਓਟੀਟੀ ਪਲੇਟਫਾਰਮਾਂ ’ਤੇ ਉਪਲਬਧ ਸਮੱਗਰੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਵਾਂਗ ਪਹਿਲਾਂ ਤੋਂ ਸਰਕਾਰੀ ਸੈਂਸਰਸ਼ਿਪ ਦੇ ਅਧੀਨ ਨਹੀਂ ਹੁੰਦੀ। ਕਿਸੇ ਫਿਲਮ ਨੂੰ ਓਟੀਟੀ ਪਲੇਟਫਾਰਮ ’ਤੇ ਜਾਰੀ ਰੱਖਣਾ, ਹਟਾਉਣਾ ਜਾਂ ਉਪਲਬਧ ਕਰਵਾਉਣਾ ਸਬੰਧਤ ਪਲੇਟਫਾਰਮ ਦਾ ਸੰਪਾਦਕੀ, ਕਾਨੂੰਨੀ ਅਤੇ ਵਪਾਰਕ ਫੈਸਲਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ‘ਸਤਲੁਜ’ ਫਿਲਮ ਨੂੰ ZEE5 ਤੋਂ ਹਟਾਏ ਜਾਣ ਲਈ ਭਾਜਪਾ ਜਾਂ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਕੋਈ ਕਾਨੂੰਨੀ ਜਾਂ ਤੱਥਾਤਮਕ ਆਧਾਰ ਨਹੀਂ ਹੈ। ਬਿੱਟੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਫਿਲਮ ਨੂੰ ਦਬਾਉਣਾ ਜਾਂ ਉਸ ’ਤੇ ਪਾਬੰਦੀ ਲਗਾਉਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦਾ ਇਤਿਹਾਸ ਇੱਕਪੱਖੀ ਨਜ਼ਰੀਏ ਦੀ ਬਜਾਏ ਸੰਪੂਰਨ ਪ੍ਰਸੰਗ ਵਿੱਚ ਪੇਸ਼ ਕੀਤਾ ਜਾਵੇ।
ਬਿੱਟੂ ਨੇ ਕਿਹਾ ਕਿ ਅਤਿਵਾਦ ਦੇ ਦੌਰ ਬਾਰੇ ਹੋਣ ਵਾਲੀ ਕਿਸੇ ਵੀ ਚਰਚਾ ਵਿੱਚ ਸਿਰਫ਼ ਰਾਜ ਵਿਰੁੱਧ ਲਗਾਏ ਗਏ ਦੋਸ਼ਾਂ ਹੀ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਬੇਕਸੂਰ ਨਾਗਰਿਕਾਂ, ਪੁਲਿਸ ਮੁਲਾਜ਼ਮਾਂ, ਸਰਕਾਰੀ ਕਰਮਚਾਰੀਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਆਮ ਪਰਿਵਾਰਾਂ ਦੀ ਪੀੜਾ ਅਤੇ ਕੁਰਬਾਨੀ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਹਿੰਸਾ ਦਾ ਸਾਹਮਣਾ ਕੀਤਾ।
ਉਨ੍ਹਾਂ ਦਾਅਵਾ ਕੀਤਾ ਕਿ ਇਹ ਫਿਲਮ ਇੱਕਪਾਸੜ ਬਿਰਤਾਂਤ ਪੇਸ਼ ਕਰਦੀ ਹੈ ਅਤੇ ਪੰਜਾਬ ਪੂਰਾ ਸੱਚ ਜਾਣਨ ਦਾ ਹੱਕਦਾਰ ਹੈ, ਨਾ ਕਿ ਅੱਧੀ-ਅਧੂਰੀ ਕਹਾਣੀ ਦਾ। ਉਨ੍ਹਾਂ ਦੁਹਰਾਇਆ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਮਹਿਮਾ ਮੰਡਨ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਾ ਹੀ ਇਸ ਨੂੰ ਕਿਸੇ ਧਰਮ ਜਾਂ ਭਾਈਚਾਰੇ ਨਾਲ ਜੋੜਿਆ ਜਾਣਾ ਚਾਹੀਦਾ ਹੈ।
ਬਿੱਟੂ ਨੇ ਕਿਹਾ ਕਿ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਉਸ ਸਮੇਂ ਕਾਰਜਭਾਰ ਸੰਭਾਲਿਆ ਸੀ, ਜਦੋਂ ਪੰਜਾਬ ਸਾਲਾਂ ਦੀ ਹਿੰਸਾ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਸੀ। ਉਨ੍ਹਾਂ ਮੁਤਾਬਕ ਉਸ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਸ਼ਾਂਤੀ, ਕਾਨੂੰਨ-ਵਿਵਸਥਾ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਮੁੜ ਸਥਾਪਤ ਕਰਨਾ ਸੀ।
ਦਿਲਜੀਤ ਦੋਸਾਂਝ ’ਤੇ ਵੀ ਸਾਧਿਆ ਤਿੱਖਾ ਨਿਸ਼ਾਨਾ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਨੂੰ ‘ਬਹਰੂਪੀਆ’ ਅਤੇ ‘ਪੈਸੇ ਲਈ ਰੰਗ ਬਦਲਣ ਵਾਲਾ ਕਲਾਕਾਰ’ ਕਰਾਰ ਦਿੱਤਾ। ਬਿੱਟੂ ਨੇ ਦਾਅਵਾ ਕੀਤਾ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਤ ਫਿਲਮ ਸਿੱਖ ਕੌਮ ਦੀ ਸੇਵਾ ਜਾਂ ਇਤਿਹਾਸ ਨੂੰ ਇਨਸਾਫ ਦਿਵਾਉਣ ਲਈ ਨਹੀਂ, ਸਗੋਂ ਕਰੋੜਾਂ ਰੁਪਏ ਦੀ ਕਮਾਈ ਅਤੇ ਵਿਸ਼ਵ ਪੱਧਰ ’ਤੇ ਪ੍ਰਚਾਰ ਹਾਸਲ ਕਰਨ ਦੀ ਯੋਜਨਾ ਦਾ ਹਿੱਸਾ ਹੈ।
ਬਿੱਟੂ ਨੇ ਦਿਲਜੀਤ ਦੋਸਾਂਝ ਦੀ ਨੀਅਤ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਜਦੋਂ ਖਾਲਿਸਤਾਨ ਦੇ ਝੰਡੇ ਲੈ ਕੇ ਲੋਕ ਉਨ੍ਹਾਂ ਦੇ ਸ਼ੋਅ ਵਿੱਚ ਆਉਂਦੇ ਹਨ ਤਾਂ ਉਹ ਉਨ੍ਹਾਂ ਨੂੰ ਬਾਹਰ ਕੱਢਣ ਦੀ ਗੱਲ ਕਰਦੇ ਹਨ, ਜਦਕਿ ਇੱਥੇ ਆ ਕੇ ਸਿੱਖਾਂ ਦੇ ਦਰਦ ਦੇ ਸਭ ਤੋਂ ਵੱਡੇ ਹਮਦਰਦ ਬਣ ਜਾਂਦੇ ਹਨ।
ਬਿੱਟੂ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ, ‘‘ਤੂੰ ਆਖ਼ਿਰ ਹੈ ਕੀ? ਤੂੰ ਹਰ ਪਾਸੇ ਬਹਰੂਪੀਆ ਬਣਿਆ ਫਿਰਦਾ ਹੈਂ। ਜਿੱਥੇ ਪੈਸਾ ਦਿਸਦਾ ਹੈ, ਉੱਥੇ ਹੀ ਆਪਣਾ ਝੋਲਾ ਚੁੱਕ ਕੇ ਚੱਲ ਪੈਂਦਾ ਹੈਂ।’’
