ਪੰਜਾਬ ਅਤੇ ਹਰਿਆਣਾ ਵਿੱਚ ਹਾਈਵੇਅ ‘ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਦੋਵਾਂ ਸੂਬਿਆਂ ਦੇ ਅੱਠ ਟੋਲ ਪਲਾਜ਼ਿਆਂ ‘ਤੇ ਟੋਲ ਦਰਾਂ ਵਿੱਚ 5 ਤੋਂ 10 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਮੰਗਲਵਾਰ ਤੋਂ ਲਾਗੂ ਹੋ ਗਈਆਂ ਹਨ।
ਟੋਲ ਦਰਾਂ ਵਿੱਚ ਹੋਏ ਵਾਧੇ ਦਾ ਅਸਰ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਬਠਿੰਡਾ, ਅਬੋਹਰ, ਮੌੜ ਅਤੇ ਸੰਗਰੂਰ ਸਮੇਤ ਕਈ ਮੁੱਖ ਰੂਟਾਂ ‘ਤੇ ਸਫ਼ਰ ਕਰਨ ਵਾਲੇ ਲੋਕਾਂ ‘ਤੇ ਪਵੇਗਾ। ਨਿੱਜੀ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ 5 ਤੋਂ 10 ਰੁਪਏ ਵੱਧ ਟੋਲ ਅਦਾ ਕਰਨਾ ਪਵੇਗਾ।
ਚੰਡੀਗੜ੍ਹ-ਖਰੜ-ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ ਸਥਿਤ ਘੁਲਾਲ ਟੋਲ ਪਲਾਜ਼ਾ ‘ਤੇ ਕਾਰਾਂ ਅਤੇ ਹਲਕੇ ਵਾਹਨਾਂ ਲਈ ਇੱਕ ਪਾਸੇ ਦਾ ਟੋਲ 115 ਰੁਪਏ, ਜਦਕਿ ਆਉਣ-ਜਾਣ ਦਾ ਟੋਲ 170 ਰੁਪਏ ਨਿਰਧਾਰਤ ਕੀਤਾ ਗਿਆ ਹੈ। ਬੱਸਾਂ ਲਈ ਟੋਲ ਫੀਸ 390 ਰੁਪਏ ਅਤੇ ਟਰੱਕਾਂ ਲਈ 580 ਰੁਪਏ ਹੋਵੇਗੀ।
ਅੰਮ੍ਰਿਤਸਰ-ਤਰਨਤਾਰਨ-ਹਰੀਕੇ-ਫਰੀਦਕੋਟ-ਬਠਿੰਡਾ ਨੈਸ਼ਨਲ ਹਾਈਵੇਅ-15 ‘ਤੇ ਸਥਿਤ ਕੋਟ ਕਰੋੜ ਟੋਲ ਪਲਾਜ਼ਾ ‘ਤੇ ਕਾਰਾਂ ਅਤੇ ਹਲਕੇ ਵਾਹਨਾਂ ਲਈ ਇੱਕ ਪਾਸੇ ਦਾ ਟੋਲ 50 ਰੁਪਏ ਅਤੇ ਆਉਣ-ਜਾਣ ਲਈ 70 ਰੁਪਏ ਹੋਵੇਗਾ। ਬੱਸਾਂ ਨੂੰ 165 ਰੁਪਏ ਅਤੇ ਟਰੱਕਾਂ ਨੂੰ 250 ਰੁਪਏ ਟੋਲ ਦੇਣਾ ਪਵੇਗਾ।
ਕਾਲਾ ਟਿੱਬਾ ਟੋਲ ਪਲਾਜ਼ਾ ‘ਤੇ ਕਾਰਾਂ ਅਤੇ ਹਲਕੇ ਵਾਹਨਾਂ ਲਈ ਇੱਕ ਪਾਸੇ ਦੀ ਫੀਸ 50 ਰੁਪਏ ਅਤੇ ਆਉਣ-ਜਾਣ ਦੀ ਫੀਸ 80 ਰੁਪਏ ਤੈਅ ਕੀਤੀ ਗਈ ਹੈ। ਇੱਥੇ ਬੱਸਾਂ ਲਈ ਟੋਲ 175 ਰੁਪਏ ਅਤੇ ਟਰੱਕਾਂ ਲਈ 265 ਰੁਪਏ ਹੋਵੇਗਾ।
ਸ਼ੇਖੂਪੁਰਾ ਟੋਲ ਪਲਾਜ਼ਾ ‘ਤੇ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ ਨੂੰ ਇੱਕ ਪਾਸੇ ਲਈ 55 ਰੁਪਏ ਅਤੇ ਆਉਣ-ਜਾਣ ਲਈ 85 ਰੁਪਏ ਅਦਾ ਕਰਨੇ ਪੈਣਗੇ। ਬੱਸਾਂ ਲਈ ਟੋਲ ਫੀਸ 185 ਰੁਪਏ ਅਤੇ ਟਰੱਕਾਂ ਲਈ 280 ਰੁਪਏ ਨਿਰਧਾਰਤ ਕੀਤੀ ਗਈ ਹੈ।
ਲਹਿਰਾਬੇਗਾ ਟੋਲ ਪਲਾਜ਼ਾ ‘ਤੇ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ ਲਈ ਇੱਕ ਪਾਸੇ ਦਾ ਟੋਲ 80 ਰੁਪਏ ਅਤੇ ਆਉਣ-ਜਾਣ ਦਾ ਟੋਲ 120 ਰੁਪਏ ਹੋਵੇਗਾ। ਇਸੇ ਤਰ੍ਹਾਂ ਬੱਸਾਂ ਨੂੰ 270 ਰੁਪਏ ਅਤੇ ਟਰੱਕਾਂ ਨੂੰ 400 ਰੁਪਏ ਟੋਲ ਦੇਣਾ ਪਵੇਗਾ।
ਖੂਈਆਂ ਸਰਵਰ ਟੋਲ ਪਲਾਜ਼ਾ ‘ਤੇ ਕਾਰਾਂ ਅਤੇ ਹਲਕੇ ਵਾਹਨਾਂ ਲਈ ਇੱਕ ਪਾਸੇ ਦੀ ਟੋਲ ਫੀਸ 105 ਰੁਪਏ ਅਤੇ ਆਉਣ-ਜਾਣ ਦੀ ਫੀਸ 155 ਰੁਪਏ ਕਰ ਦਿੱਤੀ ਗਈ ਹੈ। ਬੱਸਾਂ ਲਈ ਟੋਲ 350 ਰੁਪਏ ਅਤੇ ਟਰੱਕਾਂ ਲਈ 520 ਰੁਪਏ ਹੋਵੇਗਾ।
ਇਸ ਤੋਂ ਇਲਾਵਾ ਕਾਲਾਝਾਰ ਟੋਲ ਪਲਾਜ਼ਾ ‘ਤੇ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ ਲਈ ਇੱਕ ਪਾਸੇ ਦਾ ਟੋਲ 115 ਰੁਪਏ, ਜਦਕਿ ਆਉਣ-ਜਾਣ ਲਈ 175 ਰੁਪਏ ਅਦਾ ਕਰਨੇ ਪੈਣਗੇ।
ਟੋਲ ਦਰਾਂ ਵਿੱਚ ਹੋਏ ਇਸ ਵਾਧੇ ਨਾਲ ਪੰਜਾਬ ਅਤੇ ਹਰਿਆਣਾ ਦੇ ਮੁੱਖ ਹਾਈਵੇਅ ਰੂਟਾਂ ‘ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਦੇ ਖਰਚੇ ਵਿੱਚ ਵਾਧਾ ਹੋਵੇਗਾ।
