ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਪੰਜ ਦਿਨਾਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ 28 ਅਤੇ 29 ਜੁਲਾਈ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਦਕਿ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਅਤੇ ਗਰਜ-ਚਮਕ ਵੀ ਦੇਖਣ ਨੂੰ ਮਿਲੀ। ਸਭ ਤੋਂ ਵੱਧ 15.5 ਮਿਲੀਮੀਟਰ ਮੀਂਹ ਫਾਜ਼ਿਲਕਾ ਦੇ ਅਬੋਹਰ ਵਿੱਚ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਗੁਰਦਾਸਪੁਰ ਵਿੱਚ 15.4 ਮਿਲੀਮੀਟਰ, ਮੁਕਤਸਰ ਸਾਹਿਬ ਵਿੱਚ 14 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 13 ਮਿਲੀਮੀਟਰ, ਰੂਪਨਗਰ ਦੇ ਭਾਖੜਾ ਡੈਮ ਖੇਤਰ ਵਿੱਚ 12.5 ਮਿਲੀਮੀਟਰ, ਐਸਬੀਐਸ ਨਗਰ ਦੇ ਬੱਲੋਵਾਲ ਸੌਂਖੜੀ ਵਿੱਚ 12 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 11.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਫਿਰੋਜ਼ਪੁਰ ਵਿੱਚ 9 ਮਿਲੀਮੀਟਰ ਅਤੇ ਲੁਧਿਆਣਾ ਵਿੱਚ 7.4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਔਸਤ ਘੱਟੋ-ਘੱਟ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਕੁੱਲ ਮਿਲਾ ਕੇ ਤਾਪਮਾਨ ਆਮ ਦੇ ਨੇੜੇ-ਤੇੜੇ ਬਣਿਆ ਹੋਇਆ ਹੈ।
ਬਠਿੰਡਾ ਸੂਬੇ ਦਾ ਸਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਚੰਡੀਗੜ੍ਹ ਅਤੇ ਅਬੋਹਰ ਵਿੱਚ 34.8 ਡਿਗਰੀ, ਫਰੀਦਕੋਟ ਵਿੱਚ 34 ਡਿਗਰੀ, ਲੁਧਿਆਣਾ ਅਤੇ ਪਟਿਆਲਾ ਵਿੱਚ 33.8 ਡਿਗਰੀ ਅਤੇ ਅੰਮ੍ਰਿਤਸਰ ਵਿੱਚ 31.1 ਡਿਗਰੀ ਸੈਲਸੀਅਸ ਤਾਪਮਾਨ ਰਿਹਾ।
ਰਾਤ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 24.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਵਿੱਚ ਇਹ 25.6 ਡਿਗਰੀ ਅਤੇ ਚੰਡੀਗੜ੍ਹ ਵਿੱਚ 25.2 ਡਿਗਰੀ ਸੈਲਸੀਅਸ ਰਿਹਾ। ਇਸ ਦੌਰਾਨ ਚੰਡੀਗੜ੍ਹ ਵਿੱਚ 1 ਜੂਨ ਤੋਂ ਹੁਣ ਤੱਕ ਕੁੱਲ 249.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਆਮ ਨਾਲੋਂ ਕਰੀਬ 31.8 ਫੀਸਦੀ ਘੱਟ ਹੈ।
ਅਗਲੇ ਤਿੰਨ ਦਿਨਾਂ ਦਾ ਮੌਸਮ
- 26 ਜੁਲਾਈ: ਅੰਸ਼ਕ ਬੱਦਲਵਾਈ ਰਹੇਗੀ। ਗਰਜ-ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 35°C ਅਤੇ ਘੱਟੋ-ਘੱਟ 25°C ਰਹਿ ਸਕਦਾ ਹੈ।
- 27 ਜੁਲਾਈ: ਬੱਦਲਵਾਈ ਦੇ ਨਾਲ ਗਰਜ-ਤੂਫ਼ਾਨ ਅਤੇ ਮੀਂਹ ਦੀ ਸੰਭਾਵਨਾ ਹੈ। ਤਾਪਮਾਨ 36°C ਅਤੇ 25°C ਦੇ ਆਸ-ਪਾਸ ਰਹਿਣ ਦੀ ਉਮੀਦ ਹੈ।
- 28 ਜੁਲਾਈ: ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ 37°C ਅਤੇ ਘੱਟੋ-ਘੱਟ 26°C ਤੱਕ ਪਹੁੰਚ ਸਕਦਾ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨ ਰਹਿਣ, ਬੇਲੋੜੀ ਯਾਤਰਾ ਤੋਂ ਬਚਣ ਅਤੇ ਤਾਜ਼ਾ ਮੌਸਮੀ ਅਪਡੇਟਾਂ ‘ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।
