ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਸਭ ਤੋਂ ਘੱਟ ਜਾਇਦਾਦ ਵਾਲੇ ਮੁੱਖ ਮੰਤਰੀਆਂ ਦੀ ਸੂਚੀ ਵਿੱਚ ਪੰਜਵੇਂ ਸਥਾਨ ‘ਤੇ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ADR) ਅਤੇ ਨੈਸ਼ਨਲ ਇਲੈਕਸ਼ਨ ਵਾਚ ਦੀ ਤਾਜ਼ਾ ਰਿਪੋਰਟ ਮੁਤਾਬਕ, CM ਭਗਵੰਤ ਮਾਨ ਨੇ ਆਪਣੇ ਚੋਣ ਹਲਫਨਾਮੇ ਵਿੱਚ ਕੁੱਲ ₹1.97 ਕਰੋੜ ਦੀ ਜਾਇਦਾਦ ਦਰਜ ਕੀਤੀ ਹੈ।
ਰਿਪੋਰਟ ਅਨੁਸਾਰ ਗੁਆਂਢੀ ਰਾਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕੁੱਲ ਜਾਇਦਾਦ ₹5.80 ਕਰੋੜ ਹੈ, ਜੋ ਭਗਵੰਤ ਮਾਨ ਨਾਲੋਂ ਲਗਭਗ ਤਿੰਨ ਗੁਣਾ ਵੱਧ ਹੈ। ਉੱਧਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ₹7.81 ਕਰੋੜ ਦੀ ਜਾਇਦਾਦ ਦਾ ਐਲਾਨ ਕੀਤਾ ਹੈ।
ਇਹ ਰਿਪੋਰਟ ਦੇਸ਼ ਦੇ 31 ਮੁੱਖ ਮੰਤਰੀਆਂ ਵੱਲੋਂ ਆਪਣੇ ਚੋਣ ਹਲਫਨਾਮਿਆਂ ਵਿੱਚ ਦਿੱਤੀ ਗਈ ਜਾਇਦਾਦ, ਆਮਦਨ ਅਤੇ ਕਰਜ਼ੇ ਦੀ ਜਾਣਕਾਰੀ ਦੇ ਵਿਸ਼ਲੇਸ਼ਣ ‘ਤੇ ਆਧਾਰਿਤ ਹੈ।
ਰਿਪੋਰਟ ਮੁਤਾਬਕ ਕਰਨਾਟਕ ਦੇ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ₹1,413 ਕਰੋੜ ਦੀ ਜਾਇਦਾਦ ਨਾਲ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ, ਜਦਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਭ ਤੋਂ ਘੱਟ ₹55 ਲੱਖ ਦੀ ਜਾਇਦਾਦ ਦਰਜ ਕਰਵਾਈ ਹੈ।
ਭਾਵੇਂ ਭਗਵੰਤ ਮਾਨ ਦੀ ਜਾਇਦਾਦ ਗੁਆਂਢੀ ਰਾਜਾਂ ਦੇ ਮੁੱਖ ਮੰਤਰੀਆਂ ਨਾਲੋਂ ਘੱਟ ਹੈ, ਪਰ ਉਨ੍ਹਾਂ ਦੀ ਸਾਲਾਨਾ ਆਮਦਨ ਦੋਵਾਂ ਨਾਲੋਂ ਵੱਧ ਹੈ। ਉਨ੍ਹਾਂ ਨੇ ਆਪਣਾ ਪੇਸ਼ਾ ਸਿਰਫ਼ ਰਾਜਨੀਤੀ ਦੱਸਦੇ ਹੋਏ ₹18.34 ਲੱਖ ਦੀ ਸਾਲਾਨਾ ਆਮਦਨ ਦਰਜ ਕੀਤੀ ਹੈ। ਇਸਦੇ ਮੁਕਾਬਲੇ ਸੁਖਵਿੰਦਰ ਸਿੰਘ ਸੁੱਖੂ ਨੇ ਪੈਨਸ਼ਨਰ ਅਤੇ ਠੇਕੇਦਾਰ ਵਜੋਂ ₹17.22 ਲੱਖ, ਜਦਕਿ ਨਾਇਬ ਸਿੰਘ ਸੈਣੀ ਨੇ ਵਿਧਾਇਕ, ਮੁੱਖ ਮੰਤਰੀ ਅਤੇ ਪੱਥਰ ਕਰੱਸ਼ਰ ਕਾਰੋਬਾਰ ਤੋਂ ₹13.45 ਲੱਖ ਦੀ ਸਾਲਾਨਾ ਆਮਦਨ ਦੱਸੀ ਹੈ।
ਕਰਜ਼ੇ ਦੇ ਮਾਮਲੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਭ ਤੋਂ ਅੱਗੇ ਹਨ। ਉਨ੍ਹਾਂ ‘ਤੇ ₹74.82 ਲੱਖ ਦਾ ਕਰਜ਼ਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ₹30.35 ਲੱਖ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ₹22.42 ਲੱਖ ਦਾ ਕਰਜ਼ਾ ਐਲਾਨਿਆ ਹੈ।
