ਸੰਗਰੂਰ ਪੁਲਿਸ ਨੇ ਭਾਜਪਾ (BJP) ਦਫ਼ਤਰ ‘ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾਉਂਦਿਆਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਹੈਪੀ ਸਿੰਘ ਉਰਫ਼ ਹੈਪੀ (ਭਾਮਬੰਦੀ, ਲੌਂਗੋਵਾਲ) ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ (ਸ਼ਹੀਦ ਊਧਮ ਸਿੰਘ ਬਸਤੀ, ਲਹਿਰਾ) ਵਜੋਂ ਹੋਈ ਹੈ।
ਪੁਲਿਸ ਨੇ ਦੋਵਾਂ ਦੇ ਕਬਜ਼ੇ ਵਿਚੋਂ ਵਾਰਦਾਤ ਵਿੱਚ ਵਰਤਿਆ ਗਿਆ ਪਲੈਟੀਨਾ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਇਸ ਕਾਰਵਾਈ ਲਈ ਸੰਗਰੂਰ ਪੁਲਿਸ, ਸਪੈਸ਼ਲ ਟੀਮ ਅਤੇ CIA ਸਟਾਫ ਨੇ ਸਾਂਝੇ ਤੌਰ ‘ਤੇ ਕਾਰਵਾਈ ਕੀਤੀ, ਜਦਕਿ ਕਾਊਂਟਰ ਇੰਟੈਲੀਜੈਂਸ ਵੱਲੋਂ ਵੀ ਤਕਨੀਕੀ ਸਹਾਇਤਾ ਦਿੱਤੀ ਗਈ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਨੌਜਵਾਨ ਸੋਸ਼ਲ ਮੀਡੀਆ ਰਾਹੀਂ “ਰਾਣਾ ਭਾਈ” ਨਾਮ ਦੇ ਇੱਕ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ। ਉਸ ਨੇ ਉਨ੍ਹਾਂ ਨੂੰ BJP ਦਫ਼ਤਰ ‘ਤੇ ਪੈਟਰੋਲ ਬੰਬ ਸੁੱਟਣ ਅਤੇ ਘਟਨਾ ਦੀ ਵੀਡੀਓ ਭੇਜਣ ਦੇ ਬਦਲੇ ਵੱਡੀ ਰਕਮ ਦੇਣ ਦਾ ਲਾਲਚ ਦਿੱਤਾ ਸੀ।
ਹਾਲਾਂਕਿ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੂੰ ਸਿਰਫ਼ ₹2,200 ਹੀ ਮਿਲੇ, ਜੋ ₹1,200 ਅਤੇ ₹1,000 ਦੀਆਂ ਦੋ ਕਿਸ਼ਤਾਂ ਰਾਹੀਂ UPI ਅਤੇ ਹੋਰ ਮਾਧਿਅਮਾਂ ਨਾਲ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੇ ਗਏ। ਯੋਜਨਾ ਅਨੁਸਾਰ ਦੋਵਾਂ ਨੇ ਘਟਨਾ ਦੀ ਵੀਡੀਓ ਵੀ ਬਣਾਈ ਸੀ ਤਾਂ ਜੋ ਉਹ ਇਸ ਨੂੰ ਸਬੂਤ ਵਜੋਂ ਭੇਜ ਕੇ ਬਾਕੀ ਰਕਮ ਹਾਸਲ ਕਰ ਸਕਣ।
ਫਿਲਹਾਲ ਪੁਲਿਸ ਜ਼ਬਤ ਕੀਤੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਕਰ ਰਹੀ ਹੈ। ਨਾਲ ਹੀ “ਰਾਣਾ ਭਾਈ” ਦੇ ਸੋਸ਼ਲ ਮੀਡੀਆ ਖਾਤਿਆਂ, UPI ਆਈਡੀ ਅਤੇ ਬੈਂਕ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਸਾਜ਼ਿਸ਼ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਸਕੇ।
ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਇਸ ਮਾਮਲੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।
