ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਕੰਸਰਟ ਟੂਰ ਇਸ ਸਾਲ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਾਰੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਜਾਣਕਾਰੀ ਦਿੱਤੀ ਹੈ।
ਮੂਸਾ ਪਿੰਡ ਸਥਿਤ ਆਪਣੇ ਘਰ ਵਿਖੇ ਇੱਕ ਖ਼ਾਸ ਗੱਲਬਾਤ ਦੌਰਾਨ ਬਲਕੌਰ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੀਆਂ ਤਿਆਰੀਆਂ ਹੁਣ ਆਖਰੀ ਪੜਾਅ ਵਿੱਚ ਹਨ। ਉਨ੍ਹਾਂ ਮੁਤਾਬਕ, ਟੂਰ ਦਾ ਪਹਿਲਾ ਸ਼ੋਅ 8 ਜਾਂ 9 ਅਕਤੂਬਰ ਨੂੰ ਕੈਨੇਡਾ ਦੇ ਟੋਰਾਂਟੋ ਵਿੱਚ ਹੋਣ ਦੀ ਸੰਭਾਵਨਾ ਹੈ।
ਬਲਕੌਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਪੜਾਅ ਵਿੱਚ ਕਰੀਬ 10 ਹੋਲੋਗ੍ਰਾਮ ਸ਼ੋਅ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਹਰ ਪਰਫਾਰਮੈਂਸ ਤੋਂ ਬਾਅਦ ਦੋ ਤੋਂ ਚਾਰ ਮਿੰਟ ਦਾ ਇੱਕ ਵਿਸ਼ੇਸ਼ ਸੰਦੇਸ਼ ਅਤੇ ਦਰਸ਼ਕਾਂ ਨਾਲ ਗੱਲਬਾਤ ਦਾ ਸੈਸ਼ਨ ਵੀ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਖੁਦ ਪਹਿਲੇ ਸ਼ੋਅ ਵਿੱਚ ਮੌਜੂਦ ਰਹਿਣਗੇ। ਇਸ ਮੌਕੇ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਗੀਤ ਵੀ ਰਿਲੀਜ਼ ਕੀਤਾ ਜਾਵੇਗਾ, ਜਦਕਿ ਕੁਝ ਹੋਰ ਗੀਤਾਂ ਦੀਆਂ ਵੀਡੀਓਜ਼ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਇਸ ਹੋਲੋਗ੍ਰਾਮ ਟੂਰ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸ਼ੋਅ ਉਨ੍ਹਾਂ ਦੀਆਂ ਯਾਦਾਂ ਨੂੰ ਇੱਕ ਵਾਰ ਫਿਰ ਜ਼ਿੰਦਾ ਕਰ ਦੇਣਗੇ।
