ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਧੜੇਬੰਦੀ ਅਤੇ ਅੰਦਰੂਨੀ ਵਿਵਾਦਾਂ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਤਨਜ਼ ਕਰਦਿਆਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਟੀਵੀ ‘ਤੇ ‘ਸੱਸ-ਨੂੰਹ’ ਦੇ ਝਗੜੇ ਚਰਚਾ ਦਾ ਵਿਸ਼ਾ ਹੁੰਦੇ ਸਨ, ਪਰ ਉਹ ਧਾਰਾਵਾਹਿਕ ਤਾਂ ਖਤਮ ਹੋ ਗਏ, ਜਦਕਿ ਕਾਂਗਰਸ ਦਾ ਕਲੇਸ਼ ਅਜੇ ਵੀ ਜਾਰੀ ਹੈ।
ਬਿੱਟੂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੂਬਾ ਇੰਚਾਰਜ ਭੁਪੇਸ਼ ਬਘੇਲ ਦਾ ਨਾਮ ਲੈਂਦਿਆਂ ਕਿਹਾ ਕਿ ਪਾਰਟੀ ਦੇ ਜ਼ਿਆਦਾਤਰ ਪ੍ਰੋਗਰਾਮਾਂ ਵਿੱਚ ਵਿਵਾਦ ਅਤੇ ਨਾਰਾਜ਼ਗੀ ਹੀ ਸਾਹਮਣੇ ਆ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੀ ਅੰਦਰੂਨੀ ਖਿੱਚਤਾਣ ਹੁਣ ਜਨਤਕ ਮੰਚਾਂ ਤੱਕ ਪਹੁੰਚ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਅਤੇ ਭੁਪੇਸ਼ ਬਘੇਲ ਦੇ ਸਮਾਗਮਾਂ ਵਿੱਚ ਵਰਕਰਾਂ ਦਾ ਉਤਸ਼ਾਹ ਵੀ ਨਜ਼ਰ ਨਹੀਂ ਆ ਰਿਹਾ। ਬਿੱਟੂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਕਈ ਪ੍ਰੋਗਰਾਮਾਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰੇ ਅਤੇ ‘ਗੋ ਬੈਕ ਬਘੇਲ’ ਦੇ ਪੋਸਟਰ ਲੱਗਣ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਹੈ।
ਭਾਜਪਾ ਆਗੂ ਨੇ ਕਿਹਾ ਕਿ ਜੇਕਰ ਕਾਂਗਰਸ ਹਰ ਵਾਰ ਇਨ੍ਹਾਂ ਘਟਨਾਵਾਂ ਲਈ ਵਿਰੋਧੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ ਤਾਂ ਪਾਰਟੀ ਲੀਡਰਸ਼ਿਪ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਵਿਰੋਧੀਆਂ ‘ਤੇ ਦੋਸ਼ ਲਗਾ ਕੇ ਅੰਦਰੂਨੀ ਵਿਵਾਦਾਂ ਤੋਂ ਧਿਆਨ ਨਹੀਂ ਹਟਾਇਆ ਜਾ ਸਕਦਾ।
