ਦੇਸ਼ ਭਰ ਵਿਚ ਮਾਨਸੂਨ ਟਰੱਫ ਸਰਗਰਮ ਹੈ ਅਤੇ ਉੱਤਰੀ ਬੰਗਾਲ ਦੀ ਖਾੜੀ ਉੱਤੇ ਵੀ ਮੌਸਮੀ ਪ੍ਰਣਾਲੀ ਬਣੀ ਹੈ। ਇਸ ਦੇ ਨਤੀਜੇ ਵਜੋਂ, ਬੁੱਧਵਾਰ ਨੂੰ 20 ਰਾਜਾਂ ਵਿੱਚ ਚੰਗੀ ਬਾਰਿਸ਼ ਹੋਈ। ਉੱਤਰ-ਪੱਛਮੀ ਮੱਧ ਪ੍ਰਦੇਸ਼ ਦੇ ਉੱਪਰ ਘੱਟ ਦਬਾਅ ਵਾਲਾ ਖੇਤਰ ਅਤੇ ਇੱਕ ‘ਵੈਸਟਰਨ ਡਿਸਟਰਬੈਂਸ’ (ਪੱਛਮੀ ਗੜਬੜੀ) ਸਰਗਰਮ ਹੈ। ਇਨ੍ਹਾਂ ਪ੍ਰਣਾਲੀਆਂ ਕਾਰਨ, ਅਗਲੇ ਚਾਰ ਦਿਨਾਂ ਦੌਰਾਨ 15 ਰਾਜਾਂ ਜਿਨ੍ਹਾਂ ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸ਼ਾਮਲ ਹਨ ਵਿੱਚ ਭਾਰੀ ਬਾਰਿਸ਼ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ।
ਬੁੱਧਵਾਰ ਨੂੰ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ। ਜੈਪੁਰ ਵਿੱਚ ਚਾਰ ਘੰਟਿਆਂ ਤੋਂ ਵੱਧ ਸਮੇਂ ਤੱਕ ਮੀਂਹ ਪੈਂਦਾ ਰਿਹਾ। ਪਾਣੀ ਨਾਲ ਭਰੇ ਇੱਕ ਟੋਏ ਕਾਰਨ ਇੱਕ ਬੱਸ ਪਲਟ ਗਈ। ਮੀਂਹ ਅਤੇ ਡਿੱਗੇ ਹੋਏ ਦਰੱਖਤਾਂ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਭਗ ਸੱਤ ਘੰਟਿਆਂ ਤੱਕ ਆਵਾਜਾਈ ਜਾਮ ਰਹੀ।
ਉਤਰਾਖੰਡ ਵਿੱਚ ਜ਼ਮੀਨ ਖਿਸਕਣ ਕਾਰਨ ਮਲਬਾ ਦੇਹਰਾਦੂਨ-ਮਸੂਰੀ ਸੜਕ ‘ਤੇ ਆ ਡਿੱਗਿਆ, ਜਿਸ ਨਾਲ ਦੋਵਾਂ ਪਾਸਿਆਂ ‘ਤੇ ਲਗਭਗ 10 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਲੱਗ ਗਿਆ। ਟਿਹਰੀ ਵਿੱਚ, NH-707A ‘ਤੇ ਪੀਪਲਦਾਲੀ ਨੇੜੇ ਜ਼ਮੀਨ ਖਿਸਕਣ ਕਾਰਨ ਕਈ ਵਾਹਨ ਫਸ ਗਏ, ਜਿਸ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰਾਜ ਦੇ ਨੌਂ ਜ਼ਿਲ੍ਹਿਆਂ ਵਿੱਚ ਕੁੱਲ 67 ਸੜਕਾਂ ਇਸ ਸਮੇਂ ਬੰਦ ਹਨ।
ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਚਾਰ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ 204 ਸੜਕਾਂ ਬੰਦ ਪਈਆਂ ਹਨ।
ਮੌਸਮ ਵਿਭਾਗ ਨੇ ਅੱਜ ਬਿਹਾਰ ਦੇ 15 ਜ਼ਿਲ੍ਹਿਆਂ ਵਿੱਚ ਮੀਂਹ ਲਈ ‘ਔਰੇਂਜ ਅਲਰਟ’ ਜਾਰੀ ਕੀਤਾ ਹੈ। 14 ਤੋਂ 18 ਅਗਸਤ ਦਰਮਿਆਨ ਪਟਨਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਸਮਾਨੀ ਬਿਜਲੀ ਡਿੱਗਣ ਸਬੰਧੀ ਵੀ ਇੱਕ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਗਈ ਹੈ।
ਹਰਿਆਣਾ ਵਿਚ ਮਾਨਸੂਨ ਇੱਕ ਵਾਰ ਫਿਰ ਜ਼ੋਰ ਫੜਨ ਵਾਲਾ ਹੈ। ਮੌਸਮ ਵਿਭਾਗ ਅਨੁਸਾਰ, ਅੱਜ ਰਾਤ ਤੋਂ ਪੂਰੇ ਸੂਬੇ ਵਿੱਚ ਮਾਨਸੂਨ ਦੀ ਸਰਗਰਮੀ ਤੇਜ਼ ਹੋ ਜਾਵੇਗੀ, ਜਿਸ ਨਾਲ 15 ਅਗਸਤ ਤੱਕ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
