ਵਿਧਾਨ ਸਭਾ ਚੋਣਾਂ ਤੋਂ ਪੰਜਾਬ ਵਿਚ ਚੱਲ ਰਹੇ ਕਲੇਸ਼ ਵਿਚਾਲੇ ਕਾਂਗਰਸ ਪਾਰਟੀ ਦੀ ਹਾਈਕਮਾਨ ਨੇ ਅੱਜ ਸੂਬਾ ਕਾਂਗਰਸ ਆਗੂਆਂ ਦੀ ਮੀਟਿੰਗ ਸੱਦੀ ਹੈ। ਹੁਣ ਰਾਹੁਲ ਗਾਂਧੀ ਨੇ ਖੁਦ ਮੋਰਚਾ ਸੰਭਾਲ ਲਿਆ ਹੈ। ਰਾਹੁਲ ਦੀ ਪ੍ਰਧਾਨਗੀ ਵਿਚ ਜਲਦ ਹੋਣ ਵਾਲੀ ਇਸ ਮੀਟਿੰਗ ਵਿਚ ਲੀਡਰਾਂ ਨੂੰ ਇਕਜੁਟਤਾ ਦਾ ਪਾਠ ਪੜ੍ਹਾਇਆ ਜਾਵੇਗਾ। ਦੂਜੇ ਪਾਸੇ ਪਾਰਟੀ ਸੰਗਠਨ ਦੇ ਅੰਦਰਨੀ ਝਗੜਿਆਂ ਨੂੰ ਵੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
19 ਅਗਸਤ ਨੂੰ ਪ੍ਰਸਤਾਵਿਤ ਕਾਂਗਰਸ ਵਰਕਿੰਗ ਕਮੇਟੀ (CWC) ਦੀ ਮੀਟਿੰਗ ਵੱਖ-ਵੱਖ ਰਾਜਾਂ ਵਿੱਚ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ‘ਤੇ ਚਰਚਾ ਕਰਨ ਲਈ ਹੈ। ਇਸ ਦੌਰਾਨ ਰਾਹੁਲ ਗਾਂਧੀ ਨਾਲ ਪੰਜਾਬ ਦੇ ਆਗੂਆਂ ਦੀ ਵੱਖਰੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ।
ਚੋਣਾਂ ਤੋਂ ਪਹਿਲਾਂ ਸੂਬਾ ਕਾਂਗਰਸ ਅੰਦਰ ਪੈਦਾ ਹੋਏ ਘਮਾਸਾਨ ਨੇ ਕਾਂਗਰਸ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪਾਰਟੀ ਦੇ ਜਨਰਲ ਸਕੱਤਰ ਭੁਪੇਸ਼ ਬਘੇਲ ਨੇ ਪਾਰਟੀ ਆਗੂਆਂ ਨਾਲ ਕਈ ਦੌਰ ਦੀਆਂ ਮੀਟਿੰਗਾਂ ਕੀਤੀਆਂ ਹਨ, ਪਰ ਮਾਮਲਾ ਹੋਰ ਵੀ ਉਲਝਦਾ ਨਜ਼ਰ ਆਇਆ। ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਦੀਆਂ ਸੂਬਾ ਆਗੂਆਂ ਨਾਲ ਮੀਟਿੰਗਾਂ ਦਾ ਵੀ ਕੋਈ ਖਾਸ ਅਸਰ ਨਹੀਂ ਦਿਸਿਆ ਤੇ ਕਲੇਸ਼ ਬਰਕਰਾਰ ਰਿਹਾ, ਅਜਿਹੇ ਵਿਚ ਰਾਹੁਲ ਗਾਂਧੀ ਨੇ ਜਿੰਮਾ ਸੰਭਾਲਦੇ ਹੋਏ ਪੰਜਾਬ ਲੀਡਰਾਂ ਦੀ ਬੈਠਕ ਬੁਲਾਇਆ ਹੈ।
ਇੱਕ ਸੂਬਾ ਕਾਂਗਰਸ ਆਗੂ ਨੇ ਦੱਸਿਆ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਦੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ, ਜੋ ਇੱਕ ਜਾਂ ਦੋ ਦਿਨਾਂ ਵਿੱਚ ਹੋਣ ਵਾਲੀ ਹੈ। ਸੂਬਾ ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਸੰਗਠਨ ਅੰਦਰ ਧੜੇਬੰਦੀ ਆਪਣੇ ਸਿਖਰ ‘ਤੇ ਪਹੁੰਚ ਗਈ ਹੈ।
ਸੂਬਾ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵੱਖ-ਵੱਖ ਮੀਟਿੰਗਾਂ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਹਨ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਸੂਬਾ ਪ੍ਰਧਾਨ ਨਾਲੋਂ ਪਾਰਟੀ ਆਗੂਆਂ ਦਾ ਜ਼ਿਆਦਾ ਸਮਰਥਨ ਪ੍ਰਾਪਤ ਹੈ। ਇਸ ਦੌਰਾਨ, ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਦਾ ਸਮਰਥਨ ਕਰਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਅਮਰਿੰਦਰ ਸਿੰਘ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਵਿਚਕਾਰ ਅਸਲ ਟਕਰਾਅ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਹੈ। ਅਜਿਹੀ ਸਥਿਤੀ ਵਿੱਚ ਪਾਰਟੀ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਕਿਸੇ ਨਵੇਂ ਆਗੂ ਨੂੰ ਸੌਂਪ ਸਕਦੀ ਹੈ। ਮੀਟਿੰਗ ਵਿੱਚ ਰਾਹੁਲ ਗਾਂਧੀ ਦੀ ਪੰਜਾਬ ਦੀ ਸੰਭਾਵਿਤ ਫੇਰੀ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੋਣ ਵਾਲੀ ਚੋਣ ਮੁਹਿੰਮ ਬਾਰੇ ਵੀ ਚਰਚਾ ਕੀਤੀ ਜਾਵੇਗੀ।
