ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਸਫਾਈ ਕਰਮਚਾਰੀਆਂ ਦੇ ਹਿੱਤ ਵਿੱਚ ਵੱਡਾ ਫੈਸਲਾ ਲੈਂਦਿਆਂ ਪਾਲਿਕਾ ਰੋਲ ’ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਹਰਿਆਣਾ ਕਾਂਟਰੈਕਚੁਅਲ ਐਂਪਲਾਇਜ਼ (ਸਰਵਿਸ ਦੀ ਯਕੀਨੀਤਾ) ਐਕਟ, 2024 ਦੇ ਦਾਇਰੇ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਕਰਮਚਾਰੀਆਂ ਦੀ ਨੌਕਰੀ 60 ਸਾਲ ਦੀ ਉਮਰ ਤੱਕ ਸੁਰੱਖਿਅਤ ਰਹੇਗੀ ਅਤੇ ਉਨ੍ਹਾਂ ਨੂੰ ਕਾਨੂੰਨ ਤਹਿਤ ਨਿਯਮਤ ਕਰਮਚਾਰੀਆਂ ਦੇ ਲਗਭਗ ਸਮਾਨ ਕਈ ਲਾਭ ਮਿਲਣਗੇ।
ਹਰ ਮਹੀਨੇ ਮਿਲੇਗਾ 2 ਹਜ਼ਾਰ ਰੁਪਏ ਜੋਖ਼ਮ ਭੱਤਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਸਰਕਾਰ ਨੇ ਸਫਾਈ ਕਰਮਚਾਰੀਆਂ ਨੂੰ 2,000 ਰੁਪਏ ਪ੍ਰਤੀ ਮਹੀਨਾ ਜੋਖ਼ਮ ਭੱਤਾ ਦੇਣ ਦਾ ਵੀ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਐਕਟ-2024 ਤਹਿਤ ਯੋਗਤਾ ਅਨੁਸਾਰ ਮਿਲਣ ਵਾਲੀ ਰਕਮ ਤੋਂ 15 ਫੀਸਦੀ ਵੱਧ ਰਕਮ ਵੀ ਦੇਣ ਦਾ ਫੈਸਲਾ ਕੀਤਾ ਗਿਆ ਹੈ।
13,093 ਪਾਲਿਕਾ ਰੋਲ ਦੇ ਸਫਾਈ ਕਰਮਚਾਰੀ
ਹਰਿਆਣਾ ਦੇ ਨਗਰ ਨਿਕਾਇਆਂ ਵਿੱਚ ਇਸ ਸਮੇਂ 13,093 ਪਾਲਿਕਾ ਰੋਲ ਦੇ ਸਫਾਈ ਕਰਮਚਾਰੀ ਕੰਮ ਕਰ ਰਹੇ ਹਨ। ਇਨ੍ਹਾਂ ਕਰਮਚਾਰੀਆਂ ਨੂੰ ਫਿਲਹਾਲ ਹਰ ਮਹੀਨੇ 20,590 ਰੁਪਏ ਮਿਲ ਰਹੇ ਹਨ, ਜਿਸ ਵਿੱਚ 19,000 ਰੁਪਏ ਤਨਖਾਹ ਅਤੇ 1,590 ਰੁਪਏ ਭੱਤੇ ਸ਼ਾਮਲ ਹਨ।
ਮਿਲਣਗੇ ਕਈ ਵੱਡੇ ਲਾਭ
ਐਕਟ-2024 ਦੇ ਦਾਇਰੇ ਵਿੱਚ ਆਉਣ ਤੋਂ ਬਾਅਦ ਸਫਾਈ ਕਰਮਚਾਰੀਆਂ ਨੂੰ ਸਾਲਾਨਾ ਮਹਿੰਗਾਈ ਭੱਤਾ, ਡੈਥ-ਕਮ-ਰਿਟਾਇਰਮੈਂਟ ਗ੍ਰੈਚੁਇਟੀ, ਮੈਟਰਨਿਟੀ ਲੀਵ ਸਮੇਤ ਕਈ ਲਾਭ ਮਿਲਣਗੇ। ਇਸ ਤੋਂ ਇਲਾਵਾ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਲਿਮਟਿਡ (HKRNL) ਤਹਿਤ ਐਕਸ-ਗ੍ਰੇਸ਼ੀਆ ਵਿੱਤੀ ਸਹਾਇਤਾ ਅਤੇ ਐਕਸ-ਗ੍ਰੇਸ਼ੀਆ ਨਿਯੁਕਤੀ ਵਰਗੇ ਲਾਭ ਵੀ ਮਿਲ ਸਕਦੇ ਹਨ।
10 ਸਾਲ ਤੋਂ ਵੱਧ ਸੇਵਾ ਵਾਲਿਆਂ ਨੂੰ ਮਿਲਣਗੇ 25,560 ਰੁਪਏ
ਸਰਕਾਰ ਦੇ ਇਸ ਫੈਸਲੇ ਤਹਿਤ 10 ਸਾਲ ਤੋਂ ਵੱਧ ਸਮੇਂ ਤੋਂ ਪਾਲਿਕਾ ਰੋਲ ’ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦੀ ਮਹੀਨਾਵਾਰ ਦੇਣਦਾਰੀ 25,560 ਰੁਪਏ ਹੋ ਜਾਵੇਗੀ। ਇਸ ਵਿੱਚ 21,970 ਰੁਪਏ ਤਨਖਾਹ, 2,000 ਰੁਪਏ ਜੋਖ਼ਮ ਭੱਤਾ ਅਤੇ 1,590 ਰੁਪਏ ਹੋਰ ਭੱਤੇ ਸ਼ਾਮਲ ਹਨ।
ਸਰਕਾਰ ਨੇ ਕਿਹਾ ਕਿ ਸਫਾਈ ਕਰਮਚਾਰੀ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੀ ਜੌਬ ਸਕਿਓਰਿਟੀ ਅਤੇ ਵਾਧੂ ਵਿੱਤੀ ਲਾਭਾਂ ਸਬੰਧੀ ਇਹ ਫੈਸਲਾ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
