ਬਵਾਨੀਖੇੜਾ: ਬਵਾਨੀਖੇੜਾ ਦੀ ਅਨਾਜ ਮੰਡੀ ਵਿੱਚ ਐਤਵਾਰ ਨੂੰ ਕਰਵਾਈ ਗਈ ਵਿਕਾਸ ਸੰਕਲਪ ਰੈਲੀ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਲਾਕੇ ਦੇ ਵਿਕਾਸ ਲਈ ਕਈ ਵੱਡੀਆਂ ਘੋਸ਼ਣਾਵਾਂ ਕੀਤੀਆਂ। ਮੁੱਖ ਮੰਤਰੀ ਨੇ ਕਰੀਬ 78 ਕਰੋੜ ਰੁਪਏ ਦੀ ਲਾਗਤ ਵਾਲੀਆਂ 7 ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਨੇ ਬਵਾਨੀਖੇੜਾ ਵਿੱਚ 50 ਬਿਸਤਰਿਆਂ ਵਾਲੇ ਨਾਗਰਿਕ ਹਸਪਤਾਲ ਦੀ ਨਵੀਂ ਇਮਾਰਤ ਬਣਾਉਣ ਦਾ ਐਲਾਨ ਕੀਤਾ। ਇਸ ਪ੍ਰਾਜੈਕਟ ’ਤੇ ਕਰੀਬ 50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਹਸਪਤਾਲ ਵਿੱਚ ਲੋੜੀਂਦੇ ਮੈਡੀਕਲ ਉਪਕਰਨਾਂ ਸਮੇਤ ਹੋਰ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਰੇਵਾੜੀਖੇੜਾ ਵਿੱਚ 33 ਕੇਵੀ ਬਿਜਲੀ ਸਬ-ਸਟੇਸ਼ਨ ਬਣਾਇਆ ਜਾਵੇਗਾ। ਇਸ ਲਈ ਪੰਚਾਇਤ ਵੱਲੋਂ ਜ਼ਮੀਨ ਉਪਲਬਧ ਕਰਵਾਈ ਗਈ ਹੈ ਅਤੇ ਇਸ ਪ੍ਰਾਜੈਕਟ ’ਤੇ ਕਰੀਬ 16.50 ਕਰੋੜ ਰੁਪਏ ਖਰਚ ਹੋਣਗੇ। ਪਿੰਡ ਖਰਕ ਵਿੱਚ ਮਹਿਲਾ ਕਾਲਜ ਦਾ ਨਿਰਮਾਣ ਕਾਰਜ ਵੀ ਜਲਦ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ ਗਿਆ।
ਬਵਾਨੀਖੇੜਾ ਵਿੱਚ ਨਵੀਂ ਸਬਜ਼ੀ ਮੰਡੀ ਬਣਾਉਣ ਲਈ ਵਿਧਾਇਕ ਕਪੂਰ ਸਿੰਘ ਵਾਲਮੀਕੀ ਨੂੰ ਜ਼ਮੀਨ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ। ਜ਼ਮੀਨ ਮਿਲਣ ਤੋਂ ਬਾਅਦ ਮੰਡੀ ਦਾ ਨਿਰਮਾਣ ਕੀਤਾ ਜਾਵੇਗਾ।
ਬਵਾਨੀਖੇੜਾ ਨੂੰ ਸਬ-ਡਿਵੀਜ਼ਨ ਬਣਾਉਣ ਦੀ ਮੰਗ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਜਨਗਣਨਾ ਅਤੇ ਐੱਸਆਈਆਰ ਤੋਂ ਬਾਅਦ ਸਾਲ 2028 ਵਿੱਚ ਹੋਣ ਵਾਲੀ ਹੱਦਬੰਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਇਸ ਦਿਸ਼ਾ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਬਲਿਆਲੀ ਅਤੇ ਜਮਾਲਪੁਰ ਪਿੰਡਾਂ ਵਿੱਚ ਗ੍ਰਾਮ ਸਕੱਤਰੇਤ ਬਣਾਏ ਜਾਣਗੇ। ਹਰੇਕ ਗ੍ਰਾਮ ਸਕੱਤਰੇਤ ’ਤੇ ਕਰੀਬ 90-90 ਲੱਖ ਰੁਪਏ ਖਰਚ ਹੋਣਗੇ। ਬਰਸੀ ਗੁਜਰਾਨ ਅਤੇ ਸੈਣਾ ਪਿੰਡਾਂ ਵਿੱਚ ਬਹੁ-ਮੰਤਵੀ ਹਾਲ ਅਤੇ ਜਾਟੂਲੁਹਾਰੀ ਵਿੱਚ ਖੇਡ ਸਟੇਡੀਅਮ ਬਣਾਉਣ ਦਾ ਵੀ ਐਲਾਨ ਕੀਤਾ ਗਿਆ।
ਸਫਾਈ ਕਰਮਚਾਰੀ ਯੂਨੀਅਨ ਦੇ ਆਗੂਆਂ ਨੂੰ ਪੁਲਿਸ ਨੇ ਥਾਣੇ ਵਿੱਚ ਬਿਠਾਇਆ
ਮੁੱਖ ਮੰਤਰੀ ਦੀ ਰੈਲੀ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਨਗਰ ਪਾਲਿਕਾ ਸਫਾਈ ਕਰਮਚਾਰੀ ਯੂਨੀਅਨ ਦੇ ਕੁਝ ਆਗੂਆਂ ਨੂੰ ਪੁਲਿਸ ਨੇ ਬਵਾਨੀਖੇੜਾ ਥਾਣੇ ਵਿੱਚ ਬਿਠਾ ਲਿਆ। ਸਫਾਈ ਕਰਮਚਾਰੀਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣੀਆਂ ਮੰਗਾਂ ਰੱਖਣ ਦਾ ਐਲਾਨ ਕੀਤਾ ਸੀ।
ਰੈਲੀ ਦੌਰਾਨ ਹਾਲਾਤ ਨਾ ਵਿਗੜਨ ਦੇ ਮੱਦੇਨਜ਼ਰ ਪੁਲਿਸ ਨੇ ਕਰਮਚਾਰੀਆਂ ਨੂੰ ਰੈਲੀ ਸਥਾਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਥਾਣੇ ਲਿਜਾਇਆ। ਯੂਨੀਅਨ ਆਗੂਆਂ ਨੇ ਇਸ ਕਾਰਵਾਈ ਨੂੰ ਲੈ ਕੇ ਸਰਕਾਰ ’ਤੇ ਤਾਨਾਸ਼ਾਹੀ ਦੇ ਦੋਸ਼ ਲਗਾਏ ਹਨ। ਥਾਣੇ ਵਿੱਚ ਪੁਰਸ਼ੋਤਮ ਦਾਨਵ, ਫਾਇਰ ਕਰਮਚਾਰੀ ਅਜੈ ਸ਼ਿਓਰਾਣ ਸਮੇਤ ਹੋਰ ਲੋਕ ਮੌਜੂਦ ਸਨ।
