ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਸੈਂਪਲਾਂ ਵਿੱਚ ਕੀਟਨਾਸ਼ਕਾਂ ਦੇ ਅਵਸ਼ੇਸ਼ ਨਿਰਧਾਰਤ ਸੀਮਾ ਤੋਂ ਵੱਧ ਪਾਏ ਗਏ ਹਨ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੀ ਰਿਪੋਰਟ ਮੁਤਾਬਕ ਸਾਲ 2023 ਤੋਂ 2026 ਤੱਕ ਪੰਜਾਬ ਵਿੱਚ ਕੁੱਲ 6,580 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ 55 ਸੈਂਪਲਾਂ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਨਿਰਧਾਰਤ ਹੱਦ ਤੋਂ ਵੱਧ ਮਿਲੀ।
ਹਰਿਆਣਾ ਵਿੱਚ 2,371 ਸੈਂਪਲਾਂ ਵਿੱਚੋਂ 152, ਹਿਮਾਚਲ ਪ੍ਰਦੇਸ਼ ਵਿੱਚ 5,765 ਵਿੱਚੋਂ 92, ਜੰਮੂ-ਕਸ਼ਮੀਰ ਵਿੱਚ 1,489 ਵਿੱਚੋਂ 58 ਅਤੇ ਰਾਜਸਥਾਨ ਵਿੱਚ 3,564 ਸੈਂਪਲਾਂ ਵਿੱਚ ਕੀਟਨਾਸ਼ਕਾਂ ਦੇ ਅਵਸ਼ੇਸ਼ ਨਿਰਧਾਰਤ ਸੀਮਾ ਤੋਂ ਵੱਧ ਪਾਏ ਗਏ।
ਇਹ ਸੈਂਪਲ ਸਬਜ਼ੀਆਂ, ਫਲਾਂ, ਮਸਾਲਿਆਂ, ਅਨਾਜ, ਦਾਲਾਂ ਅਤੇ ਹੋਰ ਖਾਧ ਪਦਾਰਥਾਂ ਵਿੱਚੋਂ ਲਏ ਗਏ। ਸੈਂਪਲ ਰਿਟੇਲ ਦੁਕਾਨਾਂ, ਥੋਕ ਬਾਜ਼ਾਰਾਂ, ਸਹਿਕਾਰੀ ਸਭਾਵਾਂ, ਏਪੀਐਮਸੀ ਮੰਡੀਆਂ, ਖੇਤਾਂ ਅਤੇ ਜੈਵਿਕ ਉਤਪਾਦ ਵੇਚਣ ਵਾਲੇ ਕੇਂਦਰਾਂ ਤੋਂ ਇਕੱਠੇ ਕੀਤੇ ਗਏ ਸਨ। ਇਨ੍ਹਾਂ ਦੀ ਜਾਂਚ 40 ਪ੍ਰਯੋਗਸ਼ਾਲਾਵਾਂ ਵਿੱਚ ਕੀਤੀ ਗਈ।
ਸਿਹਤ ਲਈ ਕਿੰਨਾ ਖ਼ਤਰਾ?
ਨਿਰਧਾਰਤ ਸੀਮਾ ਤੋਂ ਵੱਧ ਕੀਟਨਾਸ਼ਕਾਂ ਵਾਲੇ ਖਾਧ ਪਦਾਰਥਾਂ ਦਾ ਲੰਬੇ ਸਮੇਂ ਤੱਕ ਸੇਵਨ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਪੇਟ ਦਰਦ, ਉਲਟੀ, ਸਿਰਦਰਦ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਹਾਰਮੋਨਲ ਗੜਬੜ ਅਤੇ ਲਿਵਰ ਤੇ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਵੀ ਵਧ ਸਕਦਾ ਹੈ।
ਪੀਜੀਆਈ ਦੇ ਪ੍ਰੋਫੈਸਰ ਰਵਿੰਦਰ ਖੈਵਾਲ ਮੁਤਾਬਕ, ਫਲਾਂ, ਸਬਜ਼ੀਆਂ ਅਤੇ ਹੋਰ ਖਾਧ ਪਦਾਰਥਾਂ ਵਿੱਚ ਕੀਟਨਾਸ਼ਕਾਂ ਦੇ ਅਵਸ਼ੇਸ਼ ਸਾਹਮਣੇ ਆ ਰਹੇ ਹਨ ਅਤੇ ਇਹ ਪਤਾ ਲਗਾਉਣ ਲਈ ਜਾਂਚ ਦੀ ਲੋੜ ਹੈ ਕਿ ਇਨ੍ਹਾਂ ਵਿੱਚ ਕਿਸ ਤਰ੍ਹਾਂ ਦੇ ਕੀਟਨਾਸ਼ਕ ਮੌਜੂਦ ਹਨ ਅਤੇ ਉਨ੍ਹਾਂ ਦਾ ਸਿਹਤ ’ਤੇ ਕੀ ਪ੍ਰਭਾਵ ਪੈ ਰਿਹਾ ਹੈ।
