ਅਫ਼ਰੀਕੀ ਦੇਸ਼ ਕੀਨੀਆ ’ਚ ਅਗ਼ਵਾ ਕੀਤੇ ਗਏ 3 ਪੰਜਾਬੀਆਂ ਨੂੰ ਸੁਰੱਖਿਅਤ ਛੁਡਵਾ ਕੇ ਭਾਰਤ ਭੇਜ ਦਿਤਾ ਗਿਆ ਹੈ। ਨੈਰੋਬੀ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਇਸ ਆਪ੍ਰੇਸ਼ਨ ’ਚ ਭਾਰਤੀ ਮਿਸ਼ਨ ਨੇ ਕੀਨੀਆਈ ਅਧਿਕਾਰੀਆਂ, ਵਿਸ਼ੇਸ਼ ਤੌਰ ’ਤੇ ਡਾਇਰੈਕਟਰੇਟ ਆਫ਼ ਕ੍ਰਿਮੀਨਲ ਇਨਵੈਸਟੀਗੇਸ਼ਨ ਨਾਲ ਮਿਲ ਕੇ ਕੰਮ ਕੀਤਾ।
ਜਾਣਕਾਰੀ ਅਨੁਸਾਰ ਤਿੰਨੇ ਭਾਰਤੀ ਨਾਗਰਿਕ 5 ਅਗੱਸਤ ਨੂੰ ਨੈਰੋਬੀ ਦੇ ‘ਜੋਮੋ ਕੀਨੀਆਟਾ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ਪਹੁੰਚੇ ਸਨ। ਹਵਾਈ ਅੱਡੇ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਨੂੰ ਇਕ ਟੈਕਸੀ ਰਾਹੀਂ ਲਿਜਾਇਆ ਗਿਆ, ਜਿਸ ਨੂੰ ਉਨ੍ਹਾਂ ਦੇ ਸੰਪਰਕ ਵਾਲੇ ਇਕ ਵਿਅਕਤੀ ਨੇ ਬੁੱਕ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ‘ਕਿਆਮਬੂ ਕਾਊਂਟੀ’ ਦੇ ਰੁਇਰੂ ਸਥਿਤ ‘ਫ਼ੋਰਟ ਜੀਸਸ’ ਇਲਾਕੇ ਦੇ ਇਕ ਘਰ ’ਚ ਬੰਧਕ ਬਣਾ ਕੇ ਰਖਿਆ ਗਿਆ ਅਤੇ ਕਿਸੇ ਨਾਲ ਵੀ ਸੰਪਰਕ ਨਹੀਂ ਕਰਨ ਦਿਤਾ ਗਿਆ।
ਡਾਇਰੈਕਟਰੇਟ ਆਫ਼ ਕ੍ਰਿਮੀਨਲ ਇਨਵੈਸਟੀਗੇਸ਼ਨ ਨੇ 11 ਅਗੱਸਤ ਨੂੰ ਮਨੁੱਖੀ ਤਸਕਰੀ ਦੇ ਇਕ ਸ਼ੱਕੀ ਮਾਮਲੇ ’ਚ ਕਾਰਵਾਈ ਕਰਦਿਆਂ ਤਿੰਨਾਂ ਭਾਰਤੀਆਂ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ। ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਉਹ ਤਿੰਨਾਂ ਭਾਰਤੀਆਂ ਨੂੰ ਈਥੋਪੀਆ ਦੇ ਰਸਤੇ ਡੰਕੀ ਰੂਟ ਰਾਹੀਂ ਇਟਲੀ ਭੇਜਣ ’ਚ ਮਦਦ ਕਰ ਰਹੇ ਸਨ। ਇਸ ਮਾਮਲੇ ’ਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ’ਚ 1 ਭਾਰਤੀ, 2 ਪਾਕਿਸਤਾਨੀ ਅਤੇ 2 ਕੀਨੀਆਈ ਨਾਗਰਿਕ ਸ਼ਾਮਲ ਹਨ।
