ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਦੂਸਰੀ ਕਿਸ਼ਤ ਮਿਲਣ ’ਤੇ ਬਾਗੋ-ਬਾਗ਼ ਹੋਈ 75 ਵਰ੍ਹਿਆਂ ਦੀ ਔਰਤ ਗੁਰਮੇਲ ਕੌਰ ਉਰਫ਼ ਮੇਲੋ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਸੋਸ਼ਲ ਮੀਡੀਆ ’ਤੇ ਛਾਈ ਰਹਿਣ ਵਾਲੀ ਪੇਂਡੂ ਬਜ਼ੁਰਗ ਔਰਤ ਅੱਜ ਮੁੱਖ ਮੰਤਰੀ ਰਿਹਾਇਸ਼ ’ਤੇ ਭਗਵੰਤ ਮਾਨ ਨੂੰ ਜੱਫੀ ਪਾ ਕੇ ਮਿਲੀ ਅਤੇ ਆਸ਼ੀਰਵਾਦ ਦਿੱਤਾ। ਬਜ਼ੁਰਗ ਨੇ ਕਿਹਾ ਕਿ ਪੁੱਤ! ਅੱਜ ਚਿੱਤ ਖ਼ੁਸ਼ ਹੋ ਗਿਆ। ਮੁੱਖ ਮੰਤਰੀ ਨੇ ਬਜ਼ੁਰਗ ਗੁਰਮੇਲ ਕੌਰ ਨੂੰ ਸੂਟ ਤੇ ਫੁਲਕਾਰੀ ਆਦਿ ਭੇਟ ਕੀਤੀ। ਇਸ ਮਾਈ ਨੇ ਕਿਹਾ ਕਿ ਬਹੁਤ ਦੇਰ ਤੋਂ ਮਿਲਣ ਦੀ ਇੱਛਾ ਸੀ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਆਦਮਪੁਰਾ ਦੇ ਦਲਿਤ ਪਰਿਵਾਰ ਦੀ ਗੁਰਮੇਲ ਕੌਰ ਉਰਫ਼ ਮੇਲੋ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਆਖ ਰਹੀ ਹੈ, “ਅੱਜ ਫੇਰ ਹੋ ਗਈ ਟੂੰ-ਟੂੰ, ਬਹੁਤ ਚਾਅ ਚੜ੍ਹ ਗਿਆ।” ਉਹ ਅੱਗੇ ਆਖਦੀ ਹੈ, “ਅੱਜ ਤਿੰਨ ਹਜ਼ਾਰ ਆ ਗਏ।” ਵੀਡੀਓ ਵਿੱਚ ਉਸ ਦੀ ਖ਼ੁਸ਼ੀ ਝਲਕ ਰਹੀ ਹੈ। ਮੁੱਖ ਮੰਤਰੀ ਨੇ ਇੱਕ ਸਟੇਜ ਤੋਂ ਇਸ ਬਜ਼ੁਰਗ ਦਾ ਜ਼ਿਕਰ ਵੀ ਕੀਤਾ ਸੀ। ਵੀਡੀਓ ਵਾਇਰਲ ਹੋਣ ਮਗਰੋਂ ਮੁੱਖ ਮੰਤਰੀ ਦਫ਼ਤਰ ਨੇ ਲੰਘੇ ਕੱਲ੍ਹ ਇਸ ਗ਼ਰੀਬ ਔਰਤ ਦੇ ਪਰਿਵਾਰ ਨਾਲ ਸੰਪਰਕ ਕੀਤਾ।
ਮੁੱਖ ਮੰਤਰੀ ਮਾਨ ਨੇ ਇਸ ਬਜ਼ੁਰਗ ਔਰਤ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਗੱਡੀ ਇਸ ਬਜ਼ੁਰਗ ਔਰਤ ਲਈ ਭੇਜੀ ਗਈ। ਮਾਰਕਫੈੱਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ ਇਹ ਬਜ਼ੁਰਗ ਮੇਰੇ ਹਲਕੇ ਰਾਮਪੁਰਾ ਫੂਲ ਦੇ ਪਿੰਡ ਆਦਮਪੁਰਾ ਦੀ ਹੈ, ਜਿਸ ਦਾ ਪਤੀ ਚੌਕੀਦਾਰ ਹੈ ਅਤੇ ਦੋਵੇਂ ਲੜਕੇ ਦਿਹਾੜੀ ਤੇ ਡਰਾਈਵਰੀ ਕਰਦੇ ਹਨ। ਦੱਸਣਯੋਗ ਹੈ ਕਿ ਇਸ ਔਰਤ ਦਾ ਪਰਿਵਾਰ ਕਾਂਗਰਸ ਨਾਲ ਤੱਅਲੁਕ ਰੱਖਦਾ ਹੈ।
