ਪੰਜਾਬ ਵਿੱਚ ਅਗਲੇ ਦਿਨਾਂ ਦੌਰਾਨ ਮੌਸਮ ਮੁੜ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ 28 ਅਕਤੂਬਰ ਤੋਂ 31 ਅਕਤੂਬਰ ਤੱਕ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 29 ਅਤੇ 30 ਅਕਤੂਬਰ ਨੂੰ ਕੁਝ ਥਾਵਾਂ ’ਤੇ ਗਰਜ-ਚਮਕ ਨਾਲ ਮੀਂਹ ਪਵੇਗਾ ਤੇ ਤੇਜ਼ ਹਵਾਵਾਂ ਚੱਲਣਗੀਆਂ ਜਿਸ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਨਵੀਂ ਪੱਛਮੀ ਗੜਬੜੀ ਕਾਰਨ ਉੱਤਰ-ਪੱਛਮੀ ਭਾਰਤ ਦੇ ਮੌਸਮ ਵਿੱਚ ਮੁੜ ਤਬਦੀਲੀ ਆਉਣ ਦੀ ਉਮੀਦ ਹੈ। ਇਹ ਸਿਸਟਮ 27 ਅਕਤੂਬਰ ਦੀ ਰਾਤ ਤੋਂ ਸਰਗਰਮ ਹੋ ਸਕਦਾ ਹੈ। ਉੱਤਰੀ ਹਰਿਆਣਾ ਉੱਪਰ ਪਹਿਲਾਂ ਤੋਂ ਮੌਜੂਦ ਪੱਛਮੀ ਗੜਬੜੀ ਵੀ ਮੌਸਮ ਨੂੰ ਪ੍ਰਭਾਵਿਤ ਕਰ ਰਹੀ ਹੈ।
ਅਕਤੂਬਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ। ਗੁਆਂਢੀ ਹਰਿਆਣਾ ਵਿੱਚ ਵੀ ਅਕਤੂਬਰ ਦੌਰਾਨ ਆਮ ਨਾਲੋਂ 181 ਫ਼ੀਸਦੀ ਵੱਧ ਮੀਂਹ ਪਿਆ ਹੈ।
ਆਂਧਰਾ ਪ੍ਰਦੇਸ਼ ਵੱਲ ਵਧ ਰਿਹਾ ਚੱਕਰਵਾਤ ਅਰਨਬ
ਇਸੇ ਦੌਰਾਨ ਬੰਗਾਲ ਦੀ ਖਾੜੀ ਵਿੱਚ ਸਰਗਰਮ ਚੱਕਰਵਾਤੀ ਤੂਫ਼ਾਨ ‘ਅਰਨਬ’ ਦੇ ਬੁੱਧਵਾਰ ਸਵੇਰੇ ਆਂਧਰਾ ਪ੍ਰਦੇਸ਼ ਅਤੇ ਯਾਨਮ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਕੁਝ ਰਿਪੋਰਟਾਂ ਵਿੱਚ ਤੜਕੇ 2 ਤੋਂ 3 ਵਜੇ ਦੇ ਕਰੀਬ ਤੱਟ ਨੇੜੇ ਪਹੁੰਚਣ ਦਾ ਅਨੁਮਾਨ ਹੈ, ਜਦਕਿ ਮੌਸਮ ਵਿਭਾਗ ਦੇ ਬੁਲੇਟਿਨ ਵਿੱਚ ਬੁੱਧਵਾਰ ਸਵੇਰ ਤੱਕ ਤੱਟ ਪਾਰ ਕਰਨ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਹ ਚੱਕਰਵਾਤ ਪੰਜਾਬ ਦੇ ਮੌਸਮ ਤੋਂ ਵੱਖਰਾ ਮੌਸਮੀ ਸਿਸਟਮ ਹੈ।
