ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਆਪਣੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ 1 ਨਵੰਬਰ, 2026 ਦੀ ਮਿਤੀ ਵਾਲਾ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪ ਦਿੱਤਾ ਹੈ। ਆਪਣੇ ਅਸਤੀਫ਼ੇ ਵਿੱਚ, ਉਨ੍ਹਾਂ ਨੇ ਵਿਧਾਨ ਸਭਾ ਦੇ ਮੈਂਬਰ ਵਜੋਂ ਅਹੁਦਾ ਛੱਡਣ ਦੇ ਆਪਣੇ ਫੈਸਲੇ ਬਾਰੇ ਦੱਸਿਆ ਹੈ ਅਤੇ ਬੇਨਤੀ ਕੀਤੀ ਹੈ ਕਿ ਇਹ ਅਸਤੀਫ਼ਾ 1 ਨਵੰਬਰ, 2026 ਤੋਂ ਲਾਗੂ ਮੰਨਿਆ ਜਾਵੇ।
ਉਨ੍ਹਾਂ ਆਪਣੇ ਅਸਤੀਫ਼ੇ ਵਿਚ ਲਿਖਿਆ ‘ਬਹੁਤ ਹੀ ਸਤਿਕਾਰਯੋਗ ਅੰਮ੍ਰਿਤਸਰ ਦੇ ਮੇਰੇ ਭੈਣ-ਭਰਾਵੋਂ, ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਮੈਂ ਅਸਤੀਫ਼ਾ ਦੇ ਦਿੱਤਾ ਹੈ। ਮੈਂ ਤੁਹਾਡੇ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਵਾਸਤੇ ਆਖ਼ਰੀ ਸਾਹ ਤੱਕ ਰਿਣੀ ਰਹਾਂਗਾ। ਤੁਹਾਡੇ ਸਹਿਯੋਗ ਅਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਗਲੀ-ਨਾਲੀ ਅਤੇ ਰਿਬਨ-ਕਟਿੰਗ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਨਸ਼ਾ, ਫਿਰੌਤੀ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਤੋਂ ਜਕੜੇ ਪੰਜਾਬ ਨੂੰ ਮੁੜ ਉੱਨਤਸ਼ੀਲ ਅਤੇ ਮੋਹਰੀ ਸੂਬਾ ਬਣਾਉਣ ਲਈ ਅਸੀਂ ਸਾਰਿਆਂ ਨੇ ਮਿਲ਼ ਕੇ ਇਕਜੁੱਟ ਹੋ ਕੇ ਕੋਸ਼ਿਸ਼ ਕਰਨੀ ਹੈ।
ਵੈਸੇ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਬਤੌਰ ਵਿਧਾਇਕ ਆਪਣਾ 90 ਪਰਸੈਂਟ ਟਾਰਗੇਟ ਪੂਰਾ ਕਰ ਲਿਆ ਹੈ; ਜੋ ਕੰਮ ਇੱਕ ਵਿਧਾਇਕ ਨੇ ਕਰਨਾ ਹੁੰਦਾ ਹੈ।
ਕੌਂਸਲਰ, ਮੇਅਰ ਅਤੇ ਸਾਂਸਦ ਦੇ ਕੰਮ ਇਸਤੋਂ ਇਲਾਵਾ ਹਨ। ਮੈਂ ਇਲਾਕਾ ਵਾਰ ਆਪਣੇ ਵੱਲੋਂ ਕਰਵਾਏ ਕੰਮਾਂ ਦਾ ਵੇਰਵਾ ਵੀ ਦਿੱਤਾ ਹੈ ਜੋ ਅਖ਼ਬਾਰ ਅਤੇ ਮੇਰੇ ਫੇਸਬੁੱਕ ਪੇਜ ‘ਤੇ ਮੌਜੂਦ ਹੈ।
ਮੇਰੀ ਸੱਭ ਤੋਂ ਵੱਡੀ ਪ੍ਰਾਪਤੀ ਹੈ ਕਿ ਮੈਂ ਰਾਜਨੀਤੀ ਤੋਂ ਮਾਈ-ਬਾਪ ਕਲਚਰ ਨੂੰ ਖਤਮ ਕੀਤਾ ਅਤੇ ਇੱਕ ਜਨਤਾ ਨੂੰ ਆਪਣਾ ਪ੍ਰੇਰਣਾ-ਸਰੋਤ ਸਮਝ ਕੇ ਕੰਮ ਕੀਤਾ।
ਪੰਜਾਬ ਵਿਧਾਨ ਸਭਾ ਦੇ ਵਿੱਚ ਮੈਂ ਹਮੇਸ਼ਾ ਅੰਬਰਸਰੀਆਂ ਦੀ ਆਵਾਜ਼ ਬੁਲੰਦ ਕੀਤੀ ਅਤੇ ਪਾਣੀ ਸੀਵਰੇਜ ਤੋਂ ਲੈ ਕੇ ਸਰਕਟ ਹਾਊਸ, ਕੰਪਨੀ ਬਾਗ, ਗੰਦਾ ਨਾਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਰਕਾਰੀ ਮੈਡੀਕਲ ਕਾਲਜ, ਸਰੂਪ ਰਾਣੀ ਕਾਲਜ ਅਤੇ ਬਰਗਾੜੀ ਬੇਅਦਬੀ ਦੇ ਮੁੱਦੇ ਬੇਬਾਕੀ ਨਾਲ ਰੱਖੇ। ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗਲੀ ਅਤੇ ਮੁਹੱਲਾ ਦਾ ਨਾਂ ਲੈ ਕੇ ਇਲਾਕੇ ਵਾਰ ਮੁੱਦੇ ਮੇਰੇ ਵਲੋਂ ਉਠਾਏ ਗਏ।
ਤੁਹਾਡੇ ਨਾਲ ਮਿਲਕੇ ਅੱਗੇ ਦੀ ਸਟ੍ਰੈਟਜੀ ਬਣਾਕੇ ਇੱਕ ਸਾਫ਼-ਸੁਥਰੀ ਰਾਜਨੀਤੀ ਅਤੇ ਸਵੱਛ ਪ੍ਰਸ਼ਾਸਨ ਸੁਨਿਸ਼ਚਿਤ ਕਰਨਾ ਮੇਰਾ ਉਦੇਸ਼ ਹੋਵੇਗਾ। ਮੇਰਾ ਇਕੋ-ਇਕ ਮਕਸਦ ਹੈ “ਪੰਜਾਬ ਫਸਟ”। ਇਸ ਤੋਂ ਇਲਾਵਾ ਮੇਰਾ ਕੋਈ ਨਿੱਜੀ ਸਵਾਰਥ ਨਹੀਂ ਹੋਵੇਗਾ।
