ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਦੇ ਜਿਲਾਂਗ ਸ਼ਹਿਰ ਤੋਂ ਇੱਕ ਹੇਰਾਨਿਜੰਮ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪੰਜਾਬੀ ਮੂਲ ਦੇ ਇੱਕ 22 ਸਾਲਾ ਨੌਜਵਾਨ ‘ਤੇ ਨਸਲੀ ਨਫ਼ਰਤ ਕਾਰਨ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ। ਪੇਸ਼ੇ ਤੋਂ ਨਰਸ ਹਰਮਨਪ੍ਰੀਤ ਸਿੰਘ ‘ਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਕੋਰੀਓ ਸਥਿਤ ਇੱਕ ਜਿਮ ਵਿੱਚ ਕਸਰਤ ਕਰ ਰਿਹਾ ਸੀ। ਉਸ ਵਿਰੁੱਧ ਨਸਲੀ ਟਿੱਪਣੀਆਂ ਕੀਤੀਆਂ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਘਟਨਾ ਤੋਂ ਬਾਅਦ ਉਹ ਗੰਭੀਰ ਮਾਨਸਿਕ ਸਦਮੇ ਵਿੱਚ ਹੈ।
ਪੀੜਤ ਹਰਮਨਪ੍ਰੀਤ ਸਿੰਘ ਦੇ ਅਨੁਸਾਰ, ਉਹ ਦੇਰ ਰਾਤ ਇੱਕ ਸਥਾਨਕ ਜਿਮ ਵਿੱਚ ਐਕਸਰਸਾਈਜ਼ ਖਤਮ ਕਰਕੇ ਹੀ ਆਇਆ ਸੀ ਜਦੋਂ ਉਸਨੂੰ ਤਿੰਨ ਆਦਮੀਆਂ ਨੇ ਘੇਰ ਲਿਆ। ਉਸ ਨੇ ਕਿਹਾ ਕਿ ਦੁਰਵਿਵਹਾਰ ਜਿੰਮ ਦੇ ਅੰਦਰੋਂ ਸ਼ੁਰੂ ਹੋਇਆ ਅਤੇ ਬਾਹਰ ਹਿੰਸਾ ਵਿੱਚ ਬਦਲ ਗਿਆ। ਸਿੰਘ ਨੇ ਕਿਹਾ ਕਿ ਇੱਕ ਆਦਮੀ ਅਚਾਨਕ ਉਸਦੇ ਬਹੁਤ ਨੇੜੇ ਆਇਆ, ਅਤੇ ਆਪਣੇ ਸਿਰ ਨਾਲ ਉਸ ‘ਤੇ ਵਾਰ ਕੀਤਾ, ਜਿਸ ਨਾਲ ਉਸਦੀ ਨੱਕ ਵਿੱਚ ਸੱਟ ਲੱਗੀ। ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਅਪਮਾਨਜਨਕ ਅਤੇ ਨਸਲੀ ਗਾਲਾਂ ਕੱਢ ਰਹੇ ਸਨ, ਜਿਸ ਵਿੱਚ “ਉੱਥੇ ਵਾਪਸ ਚਲੇ ਜਾਓ ਜਿੱਥੋਂ ਤੁਸੀਂ ਆਏ ਹੋ।”
ਹਮਲੇ ਤੋਂ ਬਾਅਦ, ਦੋਸ਼ੀ ਇੱਕ ਕਾਰ ਵਿੱਚ ਮੌਕੇ ਤੋਂ ਭੱਜ ਗਿਆ। ਸਿੰਘ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਰਾਤ ਭਰ ਡਾਕਟਰੀ ਨਿਗਰਾਨੀ ਹੇਠ ਰਿਹਾ। ਡਾਕਟਰਾਂ ਨੇ ਹੋਰ ਮਾਹਰ ਸਲਾਹ-ਮਸ਼ਵਰੇ ਅਤੇ ਸੰਭਾਵਿਤ ਸਰਜਰੀ ਦੀ ਜ਼ਰੂਰਤ ਦਾ ਸੰਕੇਤ ਦਿੱਤਾ ਹੈ। ਸਿੰਘ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਨਸਲੀ ਸ਼ੋਸ਼ਣ ਦਾ ਇਹ ਉਸਦਾ ਪਹਿਲਾ ਅਨੁਭਵ ਨਹੀਂ ਸੀ, ਪਰ ਇਹ ਘਟਨਾ ਬਹੁਤ ਭਿਆਨਕ ਸੀ।
