
ਪੰਜਾਬ ਦੇ ਜਲੰਧਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ ਸ਼ਨੀਵਾਰ ਦੇਰ ਰਾਤ ਵਾਪਰੀ। ਇਸ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟ ਕੀਤਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵੀ ਹਾਦਸੇ ਉੱਤੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਲਿਖਿਆ ਕਿ, ‘ਜਲੰਧਰ ਤੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਸ. ਮੋਹਿੰਦਰ ਸਿੰਘ ਕੇਪੀ ਜੀ ਦੇ ਪੁੱਤਰ ਰਿਚੀ ਕੇਪੀ ਦੀ ਸੜਕ ਹਾਦਸੇ ਦੌਰਾਨ ਮੌਤ ਦੀ ਖ਼ਬਰ ਮਿਲੀ। ਦੁਖਦਾਈ ਘੜੀ ਵਿੱਚ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਪਰਮਾਤਮਾ ਅੱਗੇ ਅਰਦਾਸ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।’
ਜਾਣਕਾਰੀ ਅਨੁਸਾਰ ਸਵੇਰੇ 1 ਵਜੇ ਦੇ ਕਰੀਬ, ਜਲੰਧਰ ਦੇ ਮਾਡਲ ਟਾਊਨ ਵਿੱਚ ਮਾਤਾ ਰਾਣੀ ਚੌਕ ਨੇੜੇ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਚਾਲਕ ਨੇ ਤਿੰਨ ਕਾਰਾਂ ਨੂੰ ਟੱਕਰ ਮਾਰ ਦਿੱਤੀ। ਫਿਰ ਉਹ ਭੱਜ ਗਿਆ। ਹਾਦਸੇ ਵਿੱਚ, ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ ਦਾ ਪੁੱਤਰ ਰਿਚੀ ਕੇਪੀ, ਜੋ ਕਿ ਫਾਰਚੂਨਰ ਕਾਰ ਵਿੱਚ ਸਫ਼ਰ ਕਰ ਰਿਹਾ ਸੀ, ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਉਸਨੂੰ ਇਲਾਜ ਲਈ ਪਟੇਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਰਿਚੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਮੌਕੇ ‘ਤੇ ਮੌਜੂਦ ਟੈਕਸੀ ਡਰਾਈਵਰ ਨੇ ਦੱਸਿਆ ਕਿ ਉਹ ਮਾਡਲ ਟਾਊਨ ਵਿੱਚ ਟੈਕਸੀ ਦੇ ਕੋਲ ਖੜ੍ਹਾ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਚਾਲਕ ਤਿੰਨ ਵਾਹਨਾਂ ਨੂੰ ਟੱਕਰ ਮਾਰ ਕੇ ਭੱਜ ਗਿਆ। ਡਰਾਈਵਰ ਤੋਂ ਇਲਾਵਾ ਕ੍ਰੇਟਾ ਕਾਰ ਵਿੱਚ ਇੱਕ ਬੱਚਾ ਅਤੇ ਇੱਕ ਔਰਤ ਵੀ ਸੀ, ਜੋ ਜ਼ਖਮੀ ਹੋ ਗਏ। ਰਿਚੀ ਆਪਣੇ ਦੋਸਤ ਨੂੰ ਮੋਬਾਈਲ ਵਾਪਸ ਕਰਨ ਲਈ ਕਾਰ ਵਿੱਚ ਘਰੋਂ ਨਿਕਲਿਆ ਸੀ ਕਿ ਰਸਤੇ ਵਿੱਚ ਹਾਦਸਾ ਵਾਪਰ ਗਿਆ।