
ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਗਾਇਕ ਨੂੰ ਵਟਸਐਪ ‘ਤੇ ਇੱਕ ਵਿਦੇਸ਼ੀ ਨੰਬਰ ਤੋਂ ਧਮਕੀਆਂ ਮਿਲੀਆਂ ਹਨ। ਮਨਕੀਰਤ ਔਲਖ ਦੇ ਅਧਿਕਾਰਤ ਨੰਬਰ ‘ਤੇ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰਿਆ ਸੁਨੇਹਾ ਆਇਆ। ਇਸ ਤੋਂ ਬਾਅਦ, ਪੰਜਾਬੀ ਗਾਇਕ ਨੇ ਇਸ ਮਾਮਲੇ ਦੀ ਸ਼ਿਕਾਇਤ ਐਸਐਸਪੀ ਮੋਹਾਲੀ ਕੋਲ ਦਰਜ ਕਰਵਾਈ ਹੈ।
ਗਾਇਕ ਮਨਕੀਰਤ ਔਲਖ ਨੂੰ ਜੋ ਸੁਨੇਹਾ ਮਿਲਿਆ ਹੈ ਉਹ ਪੰਜਾਬੀ ਵਿੱਚ ਲਿਖਿਆ ਹੈ ਕਿ “ਤਿਆਰੀ ਕਰ ਲੈ ਮੇਰੇ ਪੁੱਤਰ, ਤੇਰਾ ਟਾਈਮ ਆ ਗਿਆ ਹੈ”। ਇਸ ਤੋਂ ਇਲਾਵਾ ਮਨਕੀਰਤ ਔਲਖ ਨੂੰ ਧਮਕੀ ਦਿੰਦੇ ਹੋਏ ਕੁਝ ਹੋਰ ਗੱਲਾਂ ਕਹੀਆਂ ਗਈਆਂ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਨਕੀਰਤ ਨੂੰ ਜਿਸ ਨੰਬਰ ਤੋਂ ਧਮਕੀ ਮਿਲੀ ਸੀ, ਉਸ ਦੇ ਵੇਰਵੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੁਨੇਹਾ ਵਿੱਚ ਸਾਫ਼ ਲਿਖਿਆ ਹੈ ਕਿ ਉਸਨੂੰ ਮਾਰ ਦਿੱਤਾ ਜਾਵੇਗਾ। ਧਮਕੀ ਭਰੇ ਮੈਸੇਜ ਵਿੱਚ ਲਿਖਿਆ ਹੈ, ”ਤਿਆਰੀ ਕਰ ਲੈ ਪੁੱਤ, ਤੇਰਾ ਟਾਈਮ ਆ ਗਿਆ…ਚਾਹੇ ਤੇਰੀ ਘਰਵਾਲੀ ਹੋਵੇ, ਚਾਹੇ ਤੇਰਾ ਬੱਚਾ ਹੋਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪੁੱਤ ਤੇਰਾ ਨੰਬਰ ਲਾਉਦਾ ਹੁੰਦਾ।” ਧਮਕੀ ਵਿੱਚ ਗਾਇਕ ਨੂੰ ਇਸ ਨੂੰ ਮਜ਼ਾਕ ਨਾ ਸਮਝਣ ਲਈ ਵੀ ਕਿਹਾ ਗਿਆ ਹੈ ਕਿ, ”ਇਹ ਨਾ ਸੋਚ ਕਿ ਤੈਨੂੰ ਧਮਕੀ ਦਾ ਕੋਈ ਮਜ਼ਾਕ ਕੀਤਾ, ਨੰਬਰ ਲਾਣਾ ਪੁੱਤ ਕਿੱਦਾਂ ਲੱਗਣਾ, ਦੇਖੀ ਚਲ ਪੁੱਤ ਹੁਣ ਤੇਰੇ ਨਾਲ ਕੀ-ਕੀ ਹੋਣਾ…।”
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਗਾਇਕ ਮਨਕੀਰਤ ਔਲਖ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ, ਔਲਖ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਪਿਛਲੇ ਸਾਲ, ਔਲਖ ਦੀ ਹੋਮਲੈਂਡ ਹਾਈਟਸ, ਸੈਕਟਰ 76, ਮੋਹਾਲੀ ਵਿੱਚ ਰੈਕੀ ਵੀ ਕੀਤੀ ਗਈ ਸੀ। ਉਸ ਸਮੇਂ ਮਨਕੀਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਕਿਸੇ ਕੰਮ ਤੋਂ ਬਾਅਦ ਆਪਣੇ ਫਲੈਟ ਵਾਪਸ ਆਇਆ ਤਾਂ ਦੋ ਬਾਈਕ ਸਵਾਰ ਉਸਦਾ ਪਿੱਛਾ ਕਰ ਰਹੇ ਸਨ, ਜੋ ਕਿ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਿਆ। ਇਸ ਤੋਂ ਬਾਅਦ ਸੋਹਾਣਾ ਪੁਲਿਸ ਸਟੇਸ਼ਨ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ।