ਅੰਮ੍ਰਿਤਸਰ ਵਿੱਚ ਅਟਾਰੀ-ਵਾਹਗਾ ਸਰਹੱਦ ‘ਤੇ ਹੋਣ ਵਾਲੇ ਮਸ਼ਹੂਰ ਰਿਟਰੀਟ ਸੈਰਾਮਨੀ ਦੇ ਸਮੇਂ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਸਮਾਰੋਹ ਹੁਣ ਸ਼ਾਮ 5:00 ਵਜੇ ਸ਼ੁਰੂ ਹੋਵੇਗਾ, ਜਦਕਿ ਪਹਿਲਾਂ ਇਸ ਦ ਸਮਾਂ ਸ਼ਾਮ 4:30 ਵਜੇ ਸੀ। ਇਹ ਫੈਸਲਾ ਬਦਲਦੇ ਮੌਸਮ ਅਤੇ ਦੇਰ ਨਾਲ ਸੂਰਜ ਡੁੱਬਣ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਅਰੁਣ ਮਾਹਲ ਮੁਤਾਬਕ ਗਰਮੀਆਂ ਦੇ ਮੌਸਮ ਦੌਰਾਨ ਸੂਰਜ ਡੁੱਬਣ ਦਾ ਸਮਾਂ ਬਦਲਦਾ ਹੈ, ਜਿਸ ਕਾਰਨ ਝੰਡਾ ਉਤਾਰਨ ਦੀ ਰਸਮ ਨੂੰ ਤੈਅ ਪ੍ਰੋਟੋਕੋਲ ਮੁਤਾਬਕ ਸਹੀ ਸਮੇਂ ‘ਤੇ ਪੂਰਾ ਕਰਨ ਲਈ ਸੈਰਾਮਨੀ ਦੇ ਸਮੇਂ ਵਿਚ ਬਦਲਾਅ ਕਰਨਾ ਜਰੂਰੀ ਸੀ। ਇਸੇ ਕਾਰਨ ਹੁਣ ਪਰੇਡ ਅੱਧਾ ਘੰਟਾ ਦੇਰ ਨਾਲ, ਯਾਨੀ ਸ਼ਾਮੀ 5 ਵਜੇ ਸ਼ੁਰੂ ਹੋਵੇਗੀ। ਸੈਲਾਨੀਆਂ ਨੂੰ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਪ੍ਰੋਟੋਕੋਲ ਅਫਸਰ ਅਰੁਣ ਮਾਹਲ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੇਂ ਦੇ ਬਦਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਯਾਤਰਾਵਾਂ ਦੀ ਯੋਜਨਾ ਬਣਾਉਣ ਤਾਂ ਜੋ ਉਹ ਇਸ ਪ੍ਰੇਰਨਾਦਾਇਕ ਅਤੇ ਸ਼ਾਨਦਾਰ ਰਿਟਰੀਟ ਸਮਾਰੋਹ ਦਾ ਪੂਰਾ ਆਨੰਦ ਲੈ ਸਕਣ।
