ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਲਕਾ ਸਨੌਰ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ਼ ਸੜਕਾਂ ਬਣਾਉਣ ਅਤੇ ਇਲਾਕੇ ‘ਚ ਹੋਣ ਵਾਲ਼ੇ ਹੋਰ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਇਸ ਨਾਲ਼ ਜਿੱਥੇ ਲੋਕਾਂ ਲਈ ਆਵਾਜਾਈ ਸੁਖਾਲ਼ੀ ਹੋਵੇਗੀ, ਉੱਥੇ ਹੀ ਇਹ ਨਵੇਂ ਵਿਕਾਸ ਕਾਰਜ ਇਲਾਕੇ ਦੇ ਵਿਕਾਸ ‘ਚ ਵੀ ਅਹਿਮ ਭੂਮਿਕਾ ਨਿਭਾਉਣਗੇ। ਇਸ ਦੌਰਾਨ CM ਮਾਨ ਨੇ ਲੋਕਾਂ ਦੇ ਵੱਡੇ ਇਕੱਠ ਨੂੰ ਵੀ ਸੰਬੋਧਨ ਕੀਤਾ।
ਲੋਕ ਭਲਾਈ ਦੇ ਕੰਮਾਂ ਬਾਰੇ ਦੱਸਦੇ ਹੋਏ CM ਮਾਨ ਨੇ ਮਾਵਾਂ-ਭੈਣਾਂ ਸਤਿਕਾਰ ਯੋਜਨਾ, ਮੁਫ਼ਤ ਬਿਜਲੀ ਅਤੇ ਨਹਿਰੀ ਪਾਣੀ ਦੇ ਕੰਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਖੇਤੀ ਲਈ ਦਿਨ ‘ਚ ਬਿਜਲੀ ਮਿਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਪਹਿਲਾਂ ਬਜ਼ੁਰਗ ਪੈਸੇ ਨਾ ਹੋਣ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਵੀ ਮਨ੍ਹਾਂ ਕਰ ਦਿੰਦੇ ਸਨ। ਪਰ ਹੁਣ ਸਥਿਤੀ ਬਦਲ ਗਈ ਹੈ, ਹਰ ਪਰਿਵਾਰ ਦਾ ₹10 ਲੱਖ ਦਾ ਬੀਮਾ ਕਰ ਦਿੱਤਾ ਹੈ, ਜਿਸ ਨਾਲ਼ ਉਨ੍ਹਾਂ ਦਾ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ‘ਚ ਮੁਫ਼ਤ ਇਲਾਜ ਹੋਵੇਗਾ।
ਹਲਕਾ ਸਨੌਰ ਵਿਖੇ CM ਨੇ ਕਰੋੜਾਂ ਦੇ ਸੜਕੀ ਪ੍ਰੋਜੈਕਟ ਦੇ ਨੀਂਹ ਪੱਥਰ ਰੱਖਣ ਮੌਕੇ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ- “ਬਿਨਾਂ ਰਿਸ਼ਵਤ ਅਤੇ ਮੈਰਿਟ ਦੇ ਆਧਾਰ ‘ਤੇ ਹੁਣ ਤੱਕ ਦੇ 65 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਚੁੱਕੇ ਹਾਂ। ਪੰਜਾਬ ‘ਚ ਕੁੱਲ 44,920 ਕਿਲੋਮੀਟਰ ਸੜਕਾਂ ਦਾ ਕੀਤਾ ਜਾ ਰਿਹਾ ਨਵੀਨੀਕਰਨ ਅਤੇ ਸੜਕਾਂ ਦੀ ਸੰਭਾਲ ਲਈ ਪੰਜ ਸਾਲਾਂ ਵਾਸਤੇ ₹1880 ਕਰੋੜ ਰੱਖੇ ਗਏ ਹਨ।
ਉਨ੍ਹਾਂ ਨੇ ਸੰਬੋਧਨ ਦੌਰਾਨ ਦੱਸਿਆ ਸਨੌਰ ਦਾ ਹਸਪਤਾਲ ਵੱਡਾ ਕੀਤਾ ਜਾਵੇਗਾ। ਨਹਿਰੀ ਪਾਣੀ ਦੀ ਪਹੁੰਚ ਵਧਾਉਣ ਲਈ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਵੇਂ ਪ੍ਰਾਜੈਕਟਾਂ ਰਾਹੀਂ ਲਗਭਗ 19,000 ਏਕੜ ਹੋਰ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਸਖ਼ਤ ਕਦਮਾਂ ਸਦਕਾ ਪੰਜਾਬ ‘ਚ ਭਾਖੜਾ ਨਹਿਰ ਦੇ ਪਾਣੀ ਦੀ ਵਰਤੋਂ ਹੋਣ ਲੱਗੀ ਹੈ।
CM ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਿੱਖਿਆ ਖੇਤਰ ‘ਚ ਨਵੀਆਂ ਮੱਲਾਂ ਮਾਰ ਰਿਹਾ ਹੈ। ਕੇਂਦਰ ਸਰਕਾਰ ਦੇ ਸਾਲ 2024 ਦੇ ਸਰਵੇਖਣ ‘ਚ ਪੰਜਾਬ ਪੂਰੇ ਦੇਸ਼ ‘ਚ ਪਹਿਲੇ ਨੰਬਰ ‘ਤੇ ਆਇਆ ਹੈ। JEE ਅਤੇ NEET ਵਰਗੀਆਂ ਪ੍ਰੀਖਿਆਵਾਂ ‘ਚ ਸਰਕਾਰੀ ਸਕੂਲਾਂ ਦੇ ਬੱਚੇ ਸਫ਼ਲਤਾ ਹਾਸਲ ਕਰ ਰਹੇ ਹਨ। ਆਮ ਘਰਾਂ ਦੇ ਬੱਚਿਆਂ ਨੂੰ ਮਿਲੀ ਚੰਗੀ ਸਿੱਖਿਆ ਨਾਲ਼ ਘਰਾਂ ਦੀ ਗ਼ਰੀਬੀ ਖ਼ਤਮ ਹੋਵੇਗੀ।
