
ਹੁਸ਼ਿਆਰਪੁਰ ਵਿੱਚ ਸ਼ੁੱਕਰਵਾਰ ਦੇਰ ਰਾਤ ਵੱਡਾ ਹਾਦਸਾ ਵਾਪਰਿਆ। ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਇੱਕ ਐਲਪੀਜੀ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ। ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਧਮਾਕੇ ਦੀ ਅਜਾਵ ਇੰਨੀ ਜਿਆਦਾ ਸੀ ਕਿ ਲੋਕ ਨੀਂਦ ਤੋਂ ਉੱਠ ਕੇ ਭੱਜਣ ਲੱਗੇ। ਇਹ ਹਾਦਸਾ ਰਾਤ 10 ਵਜੇ ਦੇ ਕਰੀਬ ਵਾਪਰਿਆ। ਮੁੱਖ ਮੰਤਰੀ ਨੇ ਵੀ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ।
CM ਮਾਨ ਨੇ ਲਿਖਿਆ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾਂ ਵਿਖੇ ਦੇਰ ਰਾਤ LPG ਗੈਸ ਨਾਲ ਭਰੇ ਇੱਕ ਟੈਂਕਰ ਦੇ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਜਿਸ ਵਿੱਚ ਕੁੱਝ ਲੋਕਾਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁੱਝ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਪੰਜਾਬ ਸਰਕਾਰ ਵੱਲੋਂ ਹਾਦਸੇ ‘ਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵਜੋਂ 2-2 ਲੱਖ ਰੁਪਏ ਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਮੰਡਿਆਲਾ ਪਿੰਡ ਵਿੱਚ ਸਥਿਤ ਹਿੰਦੁਸਤਾਨ ਪੈਟਰੋਲੀਅਮ ਬੋਤਲਿੰਗ ਪਲਾਂਟ ਤੋਂ ਕੁਝ ਦੂਰੀ ‘ਤੇ ਜਲੰਧਰ ਹੁਸ਼ਿਆਰਪੁਰ ਹਾਈਵੇਅ ‘ਤੇ ਐਲਪੀਜੀ ਗੈਸ ਨਾਲ ਭਰਿਆ ਇੱਕ ਟੈਂਕਰ ਇੱਕ ਮਹਿੰਦਰਾ ਪਿਕਅੱਪ ਨਾਲ ਟਕਰਾ ਗਿਆ ਅਤੇ ਪਲਟ ਗਿਆ। ਪਲਟਣ ਕਾਰਨ, ਟੈਂਕਰ ਵਿੱਚੋਂ ਗੈਸ ਤੇਜ਼ੀ ਨਾਲ ਲੀਕ ਹੋਈ ਅਤੇ ਆਲੇ ਦੁਆਲੇ ਦੇ ਖੇਤਰ ਵਿੱਚ ਫੈਲ ਗਈ ਅਤੇ ਅੱਗ ਲੱਗ ਗਈ, ਜਿਸਨੇ ਉੱਥੋਂ ਲੰਘਣ ਵਾਲੇ ਵਾਹਨਾਂ ਅਤੇ ਆਸ ਪਾਸ ਸਥਿਤ ਦੁਕਾਨਾਂ ਅਤੇ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਭਿਆਨਕ ਅੱਗ ਕਾਰਨ ਨੇੜਲੇ ਘਰਾਂ ਵਿੱਚ ਰੱਖੇ ਕੁਝ ਸਿਲੰਡਰ ਵੀ ਫਟ ਗਏ, ਜਿਸ ਕਾਰਨ ਅੱਗ ਹੋਰ ਵੀ ਤੇਜ਼ੀ ਨਾਲ ਫੈਲ ਗਈ। ਹਾਦਸੇ ਵਿੱਚ ਨੇੜਲੀਆਂ ਦੁਕਾਨਾਂ ਅਤੇ ਘਰਾਂ ਵਿੱਚ ਰਹਿਣ ਵਾਲੇ ਵੱਡੀ ਗਿਣਤੀ ਵਿੱਚ ਲੋਕ ਸੜ ਗਏ। ਜ਼ਖਮੀਆਂ ਨੂੰ ਲਿਆਉਣ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਦੀਆਂ ਸਾਰੀਆਂ ਐਂਬੂਲੈਂਸਾਂ ਅਤੇ ਵੱਡੀ ਗਿਣਤੀ ਵਿੱਚ ਨਿੱਜੀ ਐਂਬੂਲੈਂਸਾਂ ਵੀ ਮੌਕੇ ‘ਤੇ ਪਹੁੰਚ ਗਈਆਂ। ਸੂਚਨਾ ਮਿਲਦੇ ਹੀ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਵੀ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ।