ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਇੱਕ NRI ਮਹਿਲਾ ਕਥਿਤ ਤੌਰ ‘ਤੇ ਹੱਥ ਵਿੱਚ ਤਲਵਾਰ ਲੈ ਕੇ ਲੁਟੇਰਿਆਂ ਦੇ ਪਿੱਛੇ ਭੱਜਦੀ ਦਿਖਾਈ ਦੇ ਰਹੀ ਹੈ। ਇਹ ਘਟਨਾ ਲੁਧਿਆਣਾ ਦੇ ਡੇਹਲੋਂ ਇਲਾਕੇ ਵਿੱਚ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਇਹ ਮਹਿਲਾ 10-12 ਦਿਨ ਪਹਿਲਾ ਹੀ ਆਸਟ੍ਰੇਲੀਆ ਤੋਂ ਪੰਜਾਬ ਆਈ ਹੈ।
ਵਾਇਰਲ ਵੀਡੀਓ ਦੇ ਅਨੁਸਾਰ, ਇੱਕ ਮਹਿਲਾ ਦੇਰ ਰਾਤ ਸੁੰਨਸਾਨ ਸੜਕ ‘ਤੇ ਆਪਣੀ ਕਾਰ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਯਾਤਰਾ ਕਰ ਰਹੀ ਸੀ। ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਦੀ ਵਿੰਡਸ਼ੀਲਡ ‘ਤੇ ਅੰਡੇ ਸੁੱਟੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਕਾਰ ਨੂੰ ਰੋਕਣ ਅਤੇ ਲੁੱਟ ਕਰਨ ਲਈ ਇਸ ਚਾਲ ਦੀ ਵਰਤੋਂ ਕੀਤੀ। ਜਿਵੇਂ ਹੀ ਆਂਡੇ ਕਾਰ ਦੀ ਵਿੰਡਸ਼ੀਲਡ ‘ਤੇ ਡਿੱਗੇ, ਗੱਡੀ ‘ਚ ਬੈਠੀ ਬਜ਼ੁਰਗ ਮਹਿਲਾ ਘਬਰਾ ਗਈ। ਗੱਡੀ NRI ਮਹਿਲਾ ਚਲਾ ਰਹੀ ਸੀ।
ਵਾਇਰਲ ਵੀਡੀਓ ਵਿੱਚ, ਬਜ਼ੁਰਗ ਮਹਿਲਾ ਨੂੰ ਇਹ ਕਹਿੰਦੇ ਹੋਏ ਸਾਫ਼ ਸੁਣਿਆ ਜਾ ਸਕਦਾ ਹੈ, “ਮੈਂ ਤੈਨੂੰ ਕਿਹਾ ਸੀ ਕਿ ਇਹ ਸੜਕ ਸੁੰਨਸਾਨ ਹੈ, ਇੱਥੇ ਨਾ ਜਾ।” ਉਹ ਇਹ ਵੀ ਕਹਿੰਦੀ ਹੈ ਕਿ ਗੱਡੀ ‘ਤੇ ਆਂਡਾ ਇਸ ਲਈ ਸੁੱਟਿਆ ਗਿਆ ਤਾਂ ਜੋ ਲੁੱਟ ਦੀ ਵਰਤ ਨੂੰ ਅੰਜਾਮ ਦਿੱਤਾ ਜਾ ਸਕੇ। ਇਸ ਦੌਰਾਨ, ਕਾਰ ਚਲਾ ਰਹੀ NRI ਮਹਿਲਾ ਗੁੱਸੇ ਵਿੱਚ ਆ ਜਾਂਦੀ ਹੈ ਅਤੇ ਗੱਡੀ ‘ਚ ਰੱਖੀ ਤਲਵਾਰ ਕੱਢ ਕੇ ਬਾਹਰ ਨਿਕਲਦੀ ਹੈ ਅਤੇ ਬਾਈਕ ਸਵਾਰ ਦੇ ਪਿੱਛੇ ਭੱਜਦੀ ਹੈ। ਉਹ ਉਨ੍ਹਾਂ ਨੂੰ ਲਲਕਾਰ ਰਹੀ ਹੈ। ਇਸ ਸਾਰੀ ਘਟਨਾ ਨੂੰ ਕਾਰ ਵਿੱਚ ਇੱਕ ਹੋਰ ਔਰਤ ਨੇ ਸ਼ੂਟ ਕੀਤਾ ਹੈ।
ਵਾਇਰਲ ਵੀਡੀਓ ‘ਤੇ ਟੈਕਸਟ ਵੀ ਲਿਖਿਆ ਗਿਆ ਹੈ। ਇਸ ਵਿੱਚ ਲਿਖਿਆ ਹੈ, “ਇਹ ਘਟਨਾ ਕੁਝ ਮਿੰਟ ਪਹਿਲਾਂ ਵਾਪਰੀ ਸੀ। ਔਰਤ ਮੇਰੀ ਇੱਕ ਦੋਸਤ ਹੈ ਜੋ ਆਸਟ੍ਰੇਲੀਆ ਤੋਂ ਆਈ ਸੀ। ਉਹ ਬਹੁਤ ਬ੍ਰੇਵ ਹੈ।”
ਹਾਲਾਂਕਿ, ਇਸ ਘਟਨਾ ਬਾਰੇ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਾਂ ਨਹੀਂ। ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਹੈ, ਜਿਸ ਵਿੱਚ ਬਹੁਤ ਸਾਰੇ ਲੋਕ ਮਹਿਲਾ ਦੀ ਬਹਾਦਰੀ ਦੀ ਪ੍ਰਸ਼ੰਸਾ ਕਰ ਰਹੇ ਹਨ, ਜਦੋਂ ਕਿ ਦੂਸਰੇ ਅਜਿਹੇ ਜੋਖਮ ਲੈਣ ਨੂੰ ਖ਼ਤਰਨਾਕ ਵੀ ਕਹਿ ਰਹੇ ਹਨ।
