ਅਮਰਨਾਥ ਦੀ ਪਵਿੱਤਰ ਯਾਤਰਾ ਅੱਜ ਤੋਂ ਅਧਿਕਾਰਕ ਤੌਰ ‘ਤੇ ਸ਼ੁਰੂ ਹੋ ਗਈ ਹੈ। ਪਹਿਲੇ ਹੀ ਦਿਨ ਹਜ਼ਾਰਾਂ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਜੰਮੂ ਤੋਂ ਕਸ਼ਮੀਰ ਵੱਲ ਰਵਾਨਾ ਹੋਏ। ਇਸ ਸਾਲ 28 ਅਗਸਤ ਤੱਕ ਚੱਲਣ ਵਾਲੀ ਇਸ ਯਾਤਰਾ ਦੌਰਾਨ 4 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਵਿੱਤਰ ਗੁਫਾ ਵਿੱਚ ਦਰਸ਼ਨ ਕਰਨ ਦੀ ਉਮੀਦ ਹੈ।
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਜਥੇ ਵਿੱਚ 4,822 ਸ਼ਰਧਾਲੂ ਸ਼ਾਮਲ ਸਨ, ਜੋ 259 ਵਾਹਨਾਂ ਦੇ ਕਾਫ਼ਲੇ ਰਾਹੀਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਾਲਟਾਲ ਅਤੇ ਪਹਿਲਗਾਮ ਰੂਟਾਂ ਵੱਲ ਰਵਾਨਾ ਹੋਏ।
ਇਸ ਵਾਰ ਯਾਤਰਾ ਦੌਰਾਨ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਲਗਾਤਾਰ ਮੀਂਹ ਅਤੇ ਖਰਾਬ ਮੌਸਮ ਕਾਰਨ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਤੋਂ ਬਾਅਦ ਬਿਨਾਂ ਦੇਰੀ ਹੇਠਾਂ ਵਾਪਸ ਆਉਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ, ਯਾਤਰਾ ਮਾਰਗ ‘ਤੇ ਹਰ ਦੋ ਕਿਲੋਮੀਟਰ ਬਾਅਦ ਆਕਸੀਜਨ ਬੂਥ ਸਥਾਪਿਤ ਕੀਤੇ ਗਏ ਹਨ ਤਾਂ ਜੋ ਉੱਚਾਈ ਵਾਲੇ ਇਲਾਕਿਆਂ ਵਿੱਚ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਿਆ ਜਾ ਸਕੇ।
ਸ਼ਰਧਾਲੂਆਂ ਦੀ ਸਹੂਲਤ ਲਈ ਬਾਲਟਾਲ ਅਤੇ ਪਹਿਲਗਾਮ ਦੋਵੇਂ ਰੂਟਾਂ ‘ਤੇ ਵੱਖ-ਵੱਖ ਥਾਵਾਂ ‘ਤੇ ਵੱਡੀਆਂ LED ਸਕ੍ਰੀਨਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ ਮੌਸਮ ਅਤੇ ਯਾਤਰਾ ਸੰਬੰਧੀ ਤਾਜ਼ਾ ਜਾਣਕਾਰੀ ਦਿੱਤੀ ਜਾ ਰਹੀ ਹੈ।
ਮੌਸਮ ਦੀ ਖਰਾਬੀ ਕਾਰਨ ਵੀਰਵਾਰ ਨੂੰ ਕੁਝ ਸਮੇਂ ਲਈ ਬਾਲਟਾਲ ਰੂਟ ‘ਤੇ ਯਾਤਰਾ ਰੋਕਣੀ ਪਈ ਸੀ, ਪਰ ਹਾਲਾਤ ਸੁਧਰਨ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਕਰੀਬ 4 ਵਜੇ ਦੂਜਾ ਜਥਾ ਵੀ ਰਵਾਨਾ ਕਰ ਦਿੱਤਾ ਗਿਆ। ਇਸ ਜਥੇ ਵਿੱਚ 3,865 ਸ਼ਰਧਾਲੂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 1,735 ਸ਼ਰਧਾਲੂ ਬਾਲਟਾਲ ਰੂਟ ਅਤੇ 2,130 ਸ਼ਰਧਾਲੂ ਪਹਿਲਗਾਮ ਰੂਟ ਰਾਹੀਂ ਅੱਗੇ ਵਧੇ।
ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਸਮ ਦੀਆਂ ਹਦਾਇਤਾਂ ਦੀ ਪਾਲਣਾ ਕਰਨ, ਸੁਰੱਖਿਆ ਨਿਯਮਾਂ ਦਾ ਧਿਆਨ ਰੱਖਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਯਾਤਰਾ ਕਰਨ।
