ਪੁਣੇ ਦੇ ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੇ ਕਤਲ ਮਾਮਲੇ ਵਿੱਚ ਉਸ ਦੀ ਮਾਂ ਰਾਖੀ ਅਗਰਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਵੁਕ ਚਿੱਠੀ ਲਿਖ ਕੇ ਆਪਣੇ ਪੁੱਤ ਲਈ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਉਹ ਨਾ ਤਾਂ ਕਿਸੇ ਹਮਦਰਦੀ ਦੀ ਮੰਗ ਕਰ ਰਹੇ ਹਨ ਅਤੇ ਨਾ ਹੀ ਕਿਸੇ ਵਿਸ਼ੇਸ਼ ਰਿਆਇਤ ਦੀ, ਸਗੋਂ ਉਹ ਚਾਹੁੰਦੇ ਹਨ ਕਿ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਪ੍ਰਧਾਨ ਮੰਤਰੀ ਨੂੰ ਈਮੇਲ ਰਾਹੀਂ ਭੇਜੀ ਗਈ ਚਿੱਠੀ ਵਿੱਚ ਰਾਖੀ ਅਗਰਵਾਲ ਨੇ ਆਪਣਾ ਦਰਦ ਬਿਆਨ ਕਰਦਿਆਂ ਲਿਖਿਆ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਉਨ੍ਹਾਂ ਨੂੰ ਆਪਣੇ ਪੁੱਤ ਲਈ ਇਨਸਾਫ਼ ਮੰਗਣਾ ਪਵੇਗਾ।
ਉਨ੍ਹਾਂ ਲਿਖਿਆ, “ਹਰ ਮਾਂ ਵਾਂਗ ਮੇਰਾ ਵੀ ਸੁਪਨਾ ਸੀ ਕਿ ਕੇਤਨ ਖੁਸ਼ਹਾਲ ਜ਼ਿੰਦਗੀ ਜੀਵੇ, ਵਿਆਹ ਕਰੇ ਅਤੇ ਹਮੇਸ਼ਾ ਸਾਡੇ ਨਾਲ ਰਹੇ। ਪਰ ਕਿਸਮਤ ਨੇ ਮੇਰੇ ਤੋਂ ਸਭ ਕੁਝ ਖੋਹ ਲਿਆ ਅਤੇ ਮੈਨੂੰ ਆਪਣੇ ਹੀ ਪੁੱਤ ਦਾ ਅੰਤਿਮ ਸੰਸਕਾਰ ਕਰਨਾ ਪਿਆ।”
ਆਪਣੇ ਪੁੱਤ ਨੂੰ ਯਾਦ ਕਰਦਿਆਂ ਰਾਖੀ ਨੇ ਲਿਖਿਆ, “ਮੇਰੇ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਸ ਦੇ ਨਾਲ ਹੀ ਮੇਰੀ ਪੂਰੀ ਦੁਨੀਆ ਵੀ ਉਜੜ ਗਈ। ਘਰ ਦਾ ਹਰ ਕੋਨਾ ਮੈਨੂੰ ਉਸ ਦੀ ਯਾਦ ਦਿਵਾਉਂਦਾ ਹੈ। ਘਰ ਵਿੱਚ ਉਸ ਦੇ ਹਾਸੇ ਦੀ ਥਾਂ ਹੁਣ ਛਾਈ ਚੁੱਪੀ ਮੈਨੂੰ ਹਰ ਰੋਜ਼ ਇਹ ਅਹਿਸਾਸ ਕਰਵਾਉਂਦੀ ਹੈ ਕਿ ਉਹ ਹੁਣ ਕਦੇ ਵਾਪਸ ਨਹੀਂ ਆਵੇਗਾ।”
ਰਾਖੀ ਅਗਰਵਾਲ ਨੇ ਚਿੱਠੀ ਵਿੱਚ ਪਰਿਵਾਰ ਨਾਲ ਵਾਪਰੇ ਇੱਕ ਹੋਰ ਦੁਖਾਂਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕੇਤਨ ਦੀ ਮੌਤ ਤੋਂ ਕਰੀਬ 20 ਦਿਨ ਬਾਅਦ ਉਸ ਦੇ ਨਾਨਾ ਦਾ ਵੀ ਦੇਹਾਂਤ ਹੋ ਗਿਆ। ਪਰਿਵਾਰ ਮੁਤਾਬਕ ਉਹ ਆਪਣੇ ਪੋਤੇ ਨੂੰ ਗੁਆਉਣ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੇ।
ਰਾਖੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਲਿਖਿਆ, “ਮੋਦੀ ਜੀ, ਮੈਂ ਸਿਰਫ਼ ਇੱਕ ਮਾਂ ਹਾਂ। ਮੈਂ ਤੁਹਾਡੇ ਕੋਲੋਂ ਹਮਦਰਦੀ ਜਾਂ ਕੋਈ ਖ਼ਾਸ ਰਿਆਇਤ ਨਹੀਂ ਮੰਗ ਰਹੀ। ਮੈਂ ਸਿਰਫ਼ ਆਪਣੇ ਪੁੱਤ ਲਈ ਇਨਸਾਫ਼ ਚਾਹੁੰਦੀ ਹਾਂ।”
ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਨਿਆਂ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾ ਦਿੱਤੀ ਜਾਵੇ।
ਰਾਖੀ ਨੇ ਆਪਣੀ ਚਿੱਠੀ ਵਿੱਚ ਲਿਖਿਆ, “ਕਿਰਪਾ ਕਰਕੇ ਕੇਤਨ ਨੂੰ ਸਿਰਫ਼ ਇੱਕ ‘ਕੇਸ ਫਾਈਲ’ ਬਣ ਕੇ ਨਾ ਰਹਿਣ ਦਿਓ। ਉਹ ਕਿਸੇ ਦਾ ਪੁੱਤ, ਕਿਸੇ ਦਾ ਪੋਤਾ ਅਤੇ ਕਿਸੇ ਦਾ ਭਰਾ ਸੀ, ਪਰ ਮੇਰੇ ਲਈ ਉਹ ਮੇਰੀ ਪੂਰੀ ਦੁਨੀਆ ਸੀ।”
ਉਨ੍ਹਾਂ ਦੱਸਿਆ ਕਿ ਉਹ ਹਰ ਰਾਤ ਆਪਣੇ ਪੁੱਤ ਦੀ ਤਸਵੀਰ ਦੇਖ ਕੇ ਉਸ ਨਾਲ ਗੱਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਸ ਦੀ ਮਾਂ ਅਜੇ ਵੀ ਉਸ ਲਈ ਇਨਸਾਫ਼ ਦੀ ਲੜਾਈ ਲੜ ਰਹੀ ਹੈ। ਰਾਖੀ ਨੇ ਲਿਖਿਆ, “ਮੈਨੂੰ ਉਮੀਦ ਹੈ ਕਿ ਇੱਕ ਦਿਨ ਮੈਂ ਤੈਨੂੰ ਇਹ ਦੱਸ ਸਕਾਂਗੀ ਕਿ ਤੈਨੂੰ ਇਨਸਾਫ਼ ਮਿਲ ਗਿਆ ਹੈ।”
ਜ਼ਿਕਰਯੋਗ ਹੈ ਕਿ 26 ਸਾਲਾ ਕੇਤਨ ਅਗਰਵਾਲ ਦੀ 18 ਜੂਨ ਨੂੰ ਪੁਣੇ ਜ਼ਿਲ੍ਹੇ ਦੇ ਲੋਹਗੜ੍ਹ ਕਿਲ੍ਹੇ ਨੇੜੇ ਇੱਕ ਖੱਡ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ। ਸ਼ੁਰੂਆਤ ਵਿੱਚ ਪੁਲਿਸ ਨੇ ਇਸ ਨੂੰ ਹਾਦਸਾ ਮੰਨਦਿਆਂ ਮਾਮਲਾ ਦਰਜ ਕੀਤਾ ਸੀ, ਪਰ ਜਾਂਚ ਅੱਗੇ ਵਧਣ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਥਿਤ ਤੌਰ ’ਤੇ ਯੋਜਨਾਬੱਧ ਕਤਲ ਦਾ ਮਾਮਲਾ ਦੱਸਿਆ।
ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਕੇਤਨ ਦੀ ਮੰਗੇਤਰ ਸੀਆ ਗੋਇਲ ਅਤੇ ਉਸ ਦੇ ਕਥਿਤ ਪ੍ਰੇਮੀ ਚੇਤਨ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਦੋਸ਼ ਹੈ ਕਿ ਲੋਹਗੜ੍ਹ ਕਿਲ੍ਹੇ ਦੀ ਯਾਤਰਾ ਦੌਰਾਨ ਕੇਤਨ ਨੂੰ ਚੱਟਾਨ ਤੋਂ ਧੱਕਾ ਦੇ ਕੇ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ।
ਪੁਲਿਸ ਮੁਤਾਬਕ ਜਾਂਚ ਦੌਰਾਨ ਡਿਜੀਟਲ ਸਬੂਤ, ਸੀਸੀਟੀਵੀ ਫੁਟੇਜ, ਚਸ਼ਮਦੀਦਾਂ ਦੇ ਬਿਆਨ ਅਤੇ ਹੋਰ ਅਹਿਮ ਸਬੂਤ ਸਾਹਮਣੇ ਆਏ ਹਨ, ਜੋ ਕਥਿਤ ਤੌਰ ’ਤੇ ਯੋਜਨਾਬੱਧ ਕਤਲ ਵੱਲ ਇਸ਼ਾਰਾ ਕਰਦੇ ਹਨ। ਦੋਵੇਂ ਮੁਲਜ਼ਮ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
