ਫਤਿਹਗੜ੍ਹ ਸਾਹਿਬ: ਬੱਸੀ ਪਠਾਣਾ ਵਿੱਚ ਏਟੀਐੱਮ ਕਾਰਡ ਬਦਲ ਕੇ ਇੱਕ ਵਿਅਕਤੀ ਦੇ ਬੈਂਕ ਖਾਤੇ ਵਿੱਚੋਂ 41,300 ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦੀ ਇਹ ਘਟਨਾ ਏਟੀਐੱਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੀੜਤ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬੱਸੀ ਪਠਾਣਾ ਦੇ ਰਹਿਣ ਵਾਲੇ ਹੀਰਾ ਲਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਦੁੱਧ ਦੇ ਪੈਸੇ ਦੇਣ ਲਈ ਏਟੀਐੱਮ ਤੋਂ 1,000 ਰੁਪਏ ਕਢਵਾਉਣ ਗਿਆ ਸੀ। ਇਸ ਦੌਰਾਨ ਟੋਪੀ ਪਹਿਨਿਆ ਇੱਕ ਅਣਪਛਾਤਾ ਵਿਅਕਤੀ ਉਸ ਦੇ ਬਿਲਕੁਲ ਪਿੱਛੇ ਆ ਕੇ ਖੜ੍ਹਾ ਹੋ ਗਿਆ। ਹੀਰਾ ਲਾਲ ਨੇ ਉਸ ਨੂੰ ਪਿੱਛੇ ਹਟਣ ਲਈ ਕਿਹਾ, ਪਰ ਉਹ ਉੱਥੇ ਹੀ ਖੜ੍ਹਾ ਰਿਹਾ।
ਪੀੜਤ ਮੁਤਾਬਕ, ਜਿਵੇਂ ਹੀ ਉਸ ਨੇ ਪੈਸੇ ਕਢਵਾਉਣ ਲਈ ਏਟੀਐੱਮ ਮਸ਼ੀਨ ਵਿੱਚ ਆਪਣਾ ਪਿੰਨ ਦਰਜ ਕੀਤਾ ਤਾਂ ਇੱਕ ਹੋਰ ਨੌਜਵਾਨ ਵੀ ਏਟੀਐੱਮ ਅੰਦਰ ਆ ਗਿਆ। ਦੋਵਾਂ ਨੇ ਕਥਿਤ ਤੌਰ ’ਤੇ ਉਸ ਨੂੰ ਗੱਲਾਂ ਵਿੱਚ ਉਲਝਾ ਲਿਆ ਅਤੇ ਇਸੇ ਦੌਰਾਨ ਉਸ ਦਾ ਅਸਲ ਏਟੀਐੱਮ ਕਾਰਡ ਬਦਲ ਕੇ ਉਸ ਨੂੰ ਕੋਈ ਹੋਰ ਕਾਰਡ ਫੜਾ ਦਿੱਤਾ।
ਹੀਰਾ ਲਾਲ ਨੂੰ ਕਾਰਡ ਬਦਲੇ ਜਾਣ ਦਾ ਤੁਰੰਤ ਪਤਾ ਨਹੀਂ ਲੱਗਿਆ। ਬਾਅਦ ਵਿੱਚ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਵੱਖ-ਵੱਖ ਥਾਵਾਂ ਤੋਂ ਉਸ ਦੇ ਬੈਂਕ ਖਾਤੇ ਵਿੱਚੋਂ ਕੁੱਲ 41,300 ਰੁਪਏ ਕਢਵਾ ਲਏ। ਖਾਤੇ ਵਿੱਚੋਂ ਪੈਸੇ ਨਿਕਲਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੀੜਤ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਮੁੱਢਲੀ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਮੋਟਰਸਾਈਕਲ ’ਤੇ ਆਏ ਸਨ। ਸਿਟੀ ਬੱਸੀ ਪਠਾਣਾ ਪੁਲਿਸ ਚੌਕੀ ਦੇ ਇੰਚਾਰਜ ਜਗਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਏਟੀਐੱਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਸੰਭਾਵਿਤ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਏਟੀਐੱਮ ਦੀ ਵਰਤੋਂ ਕਰਦੇ ਸਮੇਂ ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣੇ ਨੇੜੇ ਖੜ੍ਹਾ ਨਾ ਹੋਣ ਦੇਣ ਅਤੇ ਪਿੰਨ ਦਰਜ ਕਰਦੇ ਸਮੇਂ ਕੀਪੈਡ ਨੂੰ ਹੱਥ ਨਾਲ ਢੱਕ ਕੇ ਰੱਖਣ।
ਇਸ ਦੇ ਨਾਲ ਹੀ ਲੋਕਾਂ ਨੂੰ ਆਪਣਾ ਏਟੀਐੱਮ ਕਾਰਡ ਅਤੇ ਪਿੰਨ ਕਿਸੇ ਨਾਲ ਸਾਂਝਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਜੇਕਰ ਕਿਸੇ ਸ਼ੱਕੀ ਵਿਅਕਤੀ ਵੱਲੋਂ ਮਦਦ ਦੇ ਬਹਾਨੇ ਕਾਰਡ ਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤੁਰੰਤ ਸਾਵਧਾਨ ਹੋ ਜਾਣਾ ਚਾਹੀਦਾ ਹੈ। ਕਿਸੇ ਵੀ ਸ਼ੱਕੀ ਲੈਣ-ਦੇਣ ਦੀ ਜਾਣਕਾਰੀ ਤੁਰੰਤ ਬੈਂਕ ਅਤੇ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਗਈ ਹੈ।
