ਚੰਡੀਗੜ੍ਹ ਵਿੱਚ ਕਾਰੋਬਾਰ ਸ਼ੁਰੂ ਕਰਨ ਜਾਂ ਕਮਰਸ਼ੀਅਲ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡਾ ਮੌਕਾ ਸਾਹਮਣੇ ਆਇਆ ਹੈ। ਚੰਡੀਗੜ੍ਹ ਹਾਊਸਿੰਗ ਬੋਰਡ (CHB) ਵੱਲੋਂ ਸ਼ਹਿਰ ਦੀਆਂ 79 ਖਾਲੀ ਲੀਜ਼ਹੋਲਡ ਕਮਰਸ਼ੀਅਲ ਪ੍ਰਾਪਰਟੀਆਂ ਦੀ ਈ-ਨੀਲਾਮੀ ਕੀਤੀ ਜਾ ਰਹੀ ਹੈ। ਇਨ੍ਹਾਂ ਪ੍ਰਾਪਰਟੀਆਂ ਵਿੱਚ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਸਥਿਤ ਬਣੇ-ਬਣਾਏ ਬੂਥ ਸ਼ਾਮਲ ਹਨ।
ਈ-ਨੀਲਾਮੀ ਵਿੱਚ ਹਿੱਸਾ ਲੈਣ ਲਈ ਬਿਆਨਾ ਰਾਸ਼ੀ (EMD) ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ 15 ਜੁਲਾਈ ਤੋਂ ਸ਼ੁਰੂ ਹੋਵੇਗੀ। ਹਰੇਕ ਕਮਰਸ਼ੀਅਲ ਪ੍ਰਾਪਰਟੀ ਲਈ ਵੱਖਰੇ ਤੌਰ ‘ਤੇ ਬੋਲੀ ਲਗਾਈ ਜਾਵੇਗੀ। ਨੀਲਾਮੀ ਦੀ ਪੂਰੀ ਪ੍ਰਕਿਰਿਆ ਸਰਕਾਰੀ ਈ-ਮਾਰਕੀਟਪਲੇਸ (GeM) ਪੋਰਟਲ ਰਾਹੀਂ ਆਨਲਾਈਨ ਕੀਤੀ ਜਾਵੇਗੀ।
ਨੀਲਾਮੀ ਵਿੱਚ ਰੱਖੀਆਂ ਗਈਆਂ ਕਮਰਸ਼ੀਅਲ ਪ੍ਰਾਪਰਟੀਆਂ ਸਫਲ ਬੋਲੀਕਾਰਾਂ ਨੂੰ 33 ਸਾਲਾਂ ਦੀ ਲੀਜ਼ ‘ਤੇ ਦਿੱਤੀਆਂ ਜਾਣਗੀਆਂ। ਦਿਲਚਸਪੀ ਰੱਖਣ ਵਾਲੇ ਲੋਕਾਂ ਲਈ GeM ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ।
ਕੌਣ ਲੈ ਸਕਦਾ ਹੈ ਈ-ਨੀਲਾਮੀ ਵਿੱਚ ਹਿੱਸਾ?
ਦੇਸ਼ ਦਾ ਕੋਈ ਵੀ ਭਾਰਤੀ ਨਾਗਰਿਕ ਇਸ ਈ-ਨੀਲਾਮੀ ਵਿੱਚ ਹਿੱਸਾ ਲੈ ਸਕਦਾ ਹੈ। ਇਸ ਤੋਂ ਇਲਾਵਾ 18 ਸਾਲ ਤੋਂ ਵੱਧ ਉਮਰ ਦੇ ਪ੍ਰਵਾਸੀ ਭਾਰਤੀ (NRI) ਅਤੇ ਭਾਰਤੀ ਮੂਲ ਦੇ ਵਿਅਕਤੀ (PIO) ਵੀ ਬੋਲੀ ਲਗਾਉਣ ਦੇ ਯੋਗ ਹੋਣਗੇ।
ਖਾਸ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ ਚੰਡੀਗੜ੍ਹ ਵਿੱਚ ਕੋਈ ਕਮਰਸ਼ੀਅਲ ਪ੍ਰਾਪਰਟੀ ਹੈ, ਉਹ ਵੀ ਇਸ ਨੀਲਾਮੀ ਵਿੱਚ ਹਿੱਸਾ ਲੈ ਸਕਦੇ ਹਨ। ਇਸ ਲਈ ਪਹਿਲਾਂ ਤੋਂ ਪ੍ਰਾਪਰਟੀ ਹੋਣਾ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਬਣੇਗਾ।
ਈ-ਨੀਲਾਮੀ ਵਿੱਚ ਕਿਸੇ ਹੋਰ ਵਿਅਕਤੀ ਵੱਲੋਂ ਅਧਿਕਾਰਤ ਤੌਰ ‘ਤੇ ਵੀ ਬੋਲੀ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਭਾਈਵਾਲੀ ਫਰਮਾਂ, ਕੰਪਨੀਆਂ ਅਤੇ ਹਿੰਦੂ ਅਣਵੰਡੇ ਪਰਿਵਾਰ (HUF) ਵੀ ਨੀਲਾਮੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਦੇ ਹਨ।
ਜੇਕਰ ਕੋਈ ਵਿਅਕਤੀ ਜਾਂ ਸੰਸਥਾ ਸਫਲ ਬੋਲੀਕਾਰ ਬਣਦੀ ਹੈ ਤਾਂ ਅਲਾਟਮੈਂਟ ਲੈਟਰ ਜਾਰੀ ਹੋਣ ਤੋਂ ਪਹਿਲਾਂ ਚੰਡੀਗੜ੍ਹ ਹਾਊਸਿੰਗ ਬੋਰਡ ਕੋਲ ਸਾਰੇ ਲੋੜੀਂਦੇ ਅਧਿਕਾਰਤ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ। ਤੈਅ ਸਮੇਂ ਅੰਦਰ ਦਸਤਾਵੇਜ਼ ਨਾ ਦੇਣ ਦੀ ਸਥਿਤੀ ਵਿੱਚ ਬਿਆਨਾ ਰਾਸ਼ੀ ਜ਼ਬਤ ਕੀਤੀ ਜਾ ਸਕਦੀ ਹੈ।
ਪੰਜ ਦਿਨਾਂ ਅੰਦਰ ਜਮ੍ਹਾਂ ਕਰਵਾਉਣੀ ਹੋਵੇਗੀ 25 ਫੀਸਦੀ ਰਕਮ
ਸਫਲ ਬੋਲੀਕਾਰ ਨੂੰ ਈ-ਨੀਲਾਮੀ ਖ਼ਤਮ ਹੋਣ ਤੋਂ ਬਾਅਦ ਪੰਜ ਕਾਰਜਕਾਰੀ ਦਿਨਾਂ ਦੇ ਅੰਦਰ ਕੁੱਲ ਬੋਲੀ ਰਕਮ ਦਾ 25 ਫੀਸਦੀ ਭੁਗਤਾਨ ਕਰਨਾ ਹੋਵੇਗਾ। ਪਹਿਲਾਂ ਜਮ੍ਹਾਂ ਕਰਵਾਈ ਗਈ EMD ਦੀ ਰਕਮ ਨੂੰ ਇਸ ਭੁਗਤਾਨ ਵਿੱਚ ਐਡਜਸਟ ਕੀਤਾ ਜਾਵੇਗਾ।
ਜੇਕਰ ਸਫਲ ਬੋਲੀਕਾਰ ਤੈਅ ਸਮੇਂ ਅੰਦਰ ਇਹ ਰਕਮ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਦੀ EMD ਜ਼ਬਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਸ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਨੀਲਾਮੀਆਂ ਵਿੱਚ ਹਿੱਸਾ ਲੈਣ ਤੋਂ ਬਲੈਕਲਿਸਟ ਵੀ ਕੀਤਾ ਜਾ ਸਕਦਾ ਹੈ।
ਅਲਾਟਮੈਂਟ ਸਵੀਕ੍ਰਿਤੀ ਪੱਤਰ ਜਾਰੀ ਹੋਣ ਤੋਂ ਬਾਅਦ ਬਾਕੀ 75 ਫੀਸਦੀ ਰਕਮ ਜਮ੍ਹਾਂ ਕਰਵਾਉਣ ਲਈ 90 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਤੈਅ ਸਮੇਂ ਅੰਦਰ ਭੁਗਤਾਨ ਨਾ ਹੋਣ ‘ਤੇ ਅਲਾਟਮੈਂਟ ਰੱਦ ਕੀਤੀ ਜਾ ਸਕਦੀ ਹੈ ਅਤੇ ਪਹਿਲਾਂ ਜਮ੍ਹਾਂ ਕਰਵਾਈ ਗਈ ਰਕਮ ਵੀ ਜ਼ਬਤ ਹੋ ਸਕਦੀ ਹੈ।
50 ਲੱਖ ਰੁਪਏ ਤੋਂ ਵੱਧ ਕੀਮਤ ਹੋਣ ‘ਤੇ ਲੱਗੇਗਾ TDS
ਜੇਕਰ ਕਿਸੇ ਕਮਰਸ਼ੀਅਲ ਬੂਥ ਦੀ ਕੀਮਤ 50 ਲੱਖ ਰੁਪਏ ਤੋਂ ਵੱਧ ਹੁੰਦੀ ਹੈ ਤਾਂ ਖਰੀਦਦਾਰ ਨੂੰ ਆਮਦਨ ਕਰ ਐਕਟ ਦੀ ਧਾਰਾ 194-IA ਤਹਿਤ ਇੱਕ ਫੀਸਦੀ TDS ਕੱਟਣਾ ਹੋਵੇਗਾ। ਇਸ ਤੋਂ ਬਾਅਦ TDS ਨਾਲ ਸਬੰਧਤ ਰਸੀਦ ਚੰਡੀਗੜ੍ਹ ਹਾਊਸਿੰਗ ਬੋਰਡ ਕੋਲ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ।
ਹਰ ਸਾਲ ਦੇਣਾ ਪਵੇਗਾ ਜ਼ਮੀਨੀ ਕਿਰਾਇਆ
ਅਲਾਟਮੈਂਟ ਤੋਂ ਬਾਅਦ ਸਫਲ ਬੋਲੀਕਾਰ ਨੂੰ ਸਾਲਾਨਾ ਜ਼ਮੀਨੀ ਕਿਰਾਇਆ ਵੀ ਅਦਾ ਕਰਨਾ ਹੋਵੇਗਾ। ਨਿਯਮਾਂ ਮੁਤਾਬਕ ਪਹਿਲੇ 33 ਸਾਲਾਂ ਲਈ ਜ਼ਮੀਨੀ ਕਿਰਾਇਆ ਕੁੱਲ ਬੋਲੀ ਰਕਮ ਦਾ 2.5 ਫੀਸਦੀ ਹੋਵੇਗਾ। ਅਗਲੇ 33 ਸਾਲਾਂ ਲਈ ਇਹ ਦਰ 3.75 ਫੀਸਦੀ ਅਤੇ ਉਸ ਤੋਂ ਅਗਲੇ 33 ਸਾਲਾਂ ਲਈ 5 ਫੀਸਦੀ ਹੋਵੇਗੀ।
ਜ਼ਮੀਨੀ ਕਿਰਾਇਆ ਸਮੇਂ ਸਿਰ ਜਮ੍ਹਾਂ ਨਾ ਕਰਵਾਉਣ ‘ਤੇ ਵਾਧੂ ਜੁਰਮਾਨਾ ਲਗਾਇਆ ਜਾ ਸਕਦਾ ਹੈ। ਦੇਰੀ ਹੋਣ ਦੀ ਸਥਿਤੀ ਵਿੱਚ ਪਹਿਲੇ ਸਾਲ 25 ਫੀਸਦੀ, ਦੂਜੇ ਸਾਲ 50 ਫੀਸਦੀ, ਤੀਜੇ ਸਾਲ 75 ਫੀਸਦੀ ਅਤੇ ਚੌਥੇ ਸਾਲ ਤੋਂ 100 ਫੀਸਦੀ ਤੱਕ ਵਾਧੂ ਫੀਸ ਵਸੂਲੀ ਜਾ ਸਕਦੀ ਹੈ।
