ਪੰਜਾਬੀ ਅਦਾਕਾਰ ਤਰਸੇਮ ਜੱਸੜ ਦੀ ਬਹੁਚਰਚਿਤ ਫਿਲਮ ‘ਦਸਤਾਰ’ ਦੀ ਰਿਲੀਜ਼ ਤੋਂ ਠੀਕ ਇੱਕ ਦਿਨ ਪਹਿਲਾਂ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ (CBFC) ਵੱਲੋਂ ਕਲੀਅਰੈਂਸ ਸਰਟੀਫਿਕੇਟ ਨਹੀਂ ਮਿਲਿਆ, ਜਿਸ ਕਾਰਨ ਇਹ 17 ਜੁਲਾਈ ਨੂੰ ਭਾਰਤ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਵੇਗੀ।
ਜਾਣਕਾਰੀ ਮੁਤਾਬਕ, ਫਿਲਮ ਦਾ ਰਿਵਿਊ ਅਜੇ ਵੀ ਸੈਂਸਰ ਬੋਰਡ ਕੋਲ ਪੈਂਡਿੰਗ ਹੈ। ਇਸ ਕਾਰਨ ਭਾਰਤ ਵਿੱਚ ਇਸ ਦੀ ਰਿਲੀਜ਼ ਰੋਕ ਦਿੱਤੀ ਗਈ ਹੈ। ਹਾਲਾਂਕਿ ਨਿਰਮਾਤਾਵਾਂ ਵੱਲੋਂ ਫਿਲਮ ਨੂੰ ਅੰਤਰਰਾਸ਼ਟਰੀ ਪੱਧਰ ‘ਤੇ 17 ਜੁਲਾਈ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਵੀ ਸੈਂਸਰ ਬੋਰਡ ਨਾਲ ਜੁੜੇ ਮਾਮਲੇ ਕਾਰਨ ਚਰਚਾ ਵਿੱਚ ਰਹੀ ਸੀ। ਹੁਣ ‘ਦਸਤਾਰ’ ਨਾਲ ਵੀ ਅਜਿਹੀ ਹੀ ਸਥਿਤੀ ਬਣਨ ਕਾਰਨ ਪੰਜਾਬੀ ਫਿਲਮ ਇੰਡਸਟਰੀ ਵਿੱਚ ਨਵੀਂ ਚਰਚਾ ਛਿੜ ਗਈ ਹੈ।
ਫਿਲਮ ਵਿੱਚ ਤਰਸੇਮ ਜੱਸੜ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ, ਜਦਕਿ ਯੋਗਰਾਜ ਸਿੰਘ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ। ਫਿਲਮ ਵਿੱਚ ਕੁੱਲ 5 ਗੀਤ ਹਨ, ਜਿਨ੍ਹਾਂ ਵਿੱਚੋਂ 3 ਗੀਤ ਫਿਲਮ ਦਾ ਹਿੱਸਾ ਹਨ ਅਤੇ 2 ਪ੍ਰਮੋਸ਼ਨਲ ਗੀਤ ਵਜੋਂ ਰਿਲੀਜ਼ ਕੀਤੇ ਗਏ ਹਨ।
ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਸੀ, ਪਰ ਸੈਂਸਰ ਕਲੀਅਰੈਂਸ ਨਾ ਮਿਲਣ ਕਾਰਨ ਹੁਣ ਭਾਰਤ ਵਿੱਚ ਇਸ ਦੀ ਰਿਲੀਜ਼ ਲਈ ਪ੍ਰਸ਼ੰਸਕਾਂ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ।
