ਕਾਮਨਵੈਲਥ ਗੇਮਸ ਦੇ ਅੱਠਵੇਂ ਦਿਨ ਭਾਰਤੀ ਖਿਡਾਰੀਆਂ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੀ ਝੋਲੀ ਵਿੱਚ ਦੋ ਹੋਰ ਤਮਗੇ ਪਾਏ। ਪੰਜਾਬ ਦੇ ਅੰਮ੍ਰਿਤਸਰ ਨਾਲ ਸੰਬੰਧਿਤ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਪੁਰਸ਼ਾਂ ਦੀ 110 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ, ਜਦਕਿ ਮਹਿਲਾ ਡਿਸਕਸ ਥ੍ਰੋਅ ਮੁਕਾਬਲੇ ਵਿੱਚ ਸੀਮਾ ਨੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ।
ਲਵਪ੍ਰੀਤ ਸਿੰਘ ਨੇ ਕੁੱਲ 388 ਕਿਲੋਗ੍ਰਾਮ ਭਾਰ ਚੁੱਕਿਆ। ਉਨ੍ਹਾਂ ਨੇ ਸਨੈਚ ਵਿੱਚ 176 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 212 ਕਿਲੋਗ੍ਰਾਮ ਭਾਰ ਚੁੱਕਦੇ ਹੋਏ ਸਨੈਚ ਵਿੱਚ ਨਵਾਂ ਕਾਮਨਵੈਲਥ ਗੇਮਸ ਰਿਕਾਰਡ ਵੀ ਬਣਾਇਆ। ਗੋਲਡ ਮੈਡਲ ਤੋਂ ਉਹ ਸਿਰਫ਼ ਇੱਕ ਕਿਲੋਗ੍ਰਾਮ ਪਿੱਛੇ ਰਹੇ ਅਤੇ ਨਿਊਜ਼ੀਲੈਂਡ ਦੇ ਡੇਵਿਡ ਐਂਡ੍ਰਿਊਜ਼ ਨੇ ਸੋਨ ਤਮਗਾ ਜਿੱਤਿਆ।
ਉੱਧਰ ਮਹਿਲਾਵਾਂ ਦੇ ਡਿਸਕਸ ਥ੍ਰੋਅ ਮੁਕਾਬਲੇ ਵਿੱਚ 27 ਸਾਲਾ ਸੀਮਾ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 58.65 ਮੀਟਰ ਦਾ ਥ੍ਰੋਅ ਕਰਕੇ ਕਾਂਸੀ ਦਾ ਤਮਗਾ ਹਾਸਲ ਕੀਤਾ। ਖਾਸ ਗੱਲ ਇਹ ਰਹੀ ਕਿ ਮਾਂ ਬਣਨ ਤੋਂ ਬਾਅਦ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ। ਗੰਭੀਰ ਗੋਡੇ ਦੀ ਸੱਟ ਕਾਰਨ ਉਹ ਤਿੰਨ ਸਾਲ ਤੋਂ ਵੱਧ ਸਮੇਂ ਤੱਕ ਖੇਡ ਤੋਂ ਦੂਰ ਰਹੀਆਂ, ਪਰ ਲੰਬੀ ਰਿਹੈਬਿਲਿਟੇਸ਼ਨ ਤੋਂ ਬਾਅਦ ਉਨ੍ਹਾਂ ਨੇ ਪੋਡੀਅਮ ‘ਤੇ ਵਾਪਸੀ ਕਰਕੇ ਆਪਣੀ ਦ੍ਰਿੜ੍ਹ ਇੱਛਾ-ਸ਼ਕਤੀ ਦਾ ਸਬੂਤ ਦਿੱਤਾ।
ਇਸ ਮੁਕਾਬਲੇ ਵਿੱਚ ਜਮੈਕਾ ਦੀ ਸਾਮੰਥਾ ਹਾਲ ਨੇ ਸੋਨ ਤਮਗਾ ਜਿੱਤਿਆ, ਜਦਕਿ ਕੈਨੇਡਾ ਦੀ ਜੂਲੀਆ ਟੰਕਸ ਨੇ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਭਾਰਤ ਦੀ ਇਕ ਹੋਰ ਖਿਡਾਰਨ ਨਿਧੀ ਰਾਣੀ 53.19 ਮੀਟਰ ਦੇ ਥ੍ਰੋਅ ਨਾਲ ਚੌਥੇ ਸਥਾਨ ‘ਤੇ ਰਹੀ।
ਇਨ੍ਹਾਂ ਦੋ ਤਮਗਿਆਂ ਦੇ ਨਾਲ ਕਾਮਨਵੈਲਥ ਗੇਮਸ ਵਿੱਚ ਭਾਰਤ ਦੇ ਕੁੱਲ 17 ਤਮਗੇ ਹੋ ਗਏ ਹਨ, ਜਿਨ੍ਹਾਂ ਵਿੱਚ 3 ਸੋਨ, 10 ਚਾਂਦੀ ਅਤੇ 4 ਕਾਂਸੀ ਦੇ ਤਮਗੇ ਸ਼ਾਮਲ ਹਨ। ਤਮਗਾ ਸੂਚੀ ਵਿੱਚ ਭਾਰਤ ਇਸ ਸਮੇਂ 10ਵੇਂ ਸਥਾਨ ‘ਤੇ ਬਣਿਆ ਹੋਇਆ ਹੈ।
