ਆਮ ਆਦਮੀ ਪਾਰਟੀ (AAP) ਦੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨਾਲ ਜੁੜੇ ਕਈ ਮਹੱਤਵਪੂਰਨ ਰੇਲਵੇ ਮੁੱਦੇ ਉਠਾਏ।
ਮਲਵਿੰਦਰ ਕੰਗ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕਰਿਆਮ ਪਿੰਡ ਵਿਖੇ ਰੇਲਵੇ ਫਾਟਕ ‘ਤੇ ਅੰਡਰਪਾਸ ਬਣਾਉਣ, ਐਸ.ਬੀ.ਐਸ. ਨਗਰ ਵਿੱਚ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਅਤੇ ਗੜ੍ਹਸ਼ੰਕਰ ਦੇ ਬਸਿਆਲਾ ਵਿਖੇ ਮਨੁੱਖ ਰਹਿਤ ਲੈਵਲ ਕਰਾਸਿੰਗ C-62 ਨੂੰ ਪੂਰੀ ਤਰ੍ਹਾਂ ਮਨੁੱਖੀ ਸੰਚਾਲਿਤ ਕਰਾਸਿੰਗ ਵਜੋਂ ਅਪਗ੍ਰੇਡ ਕਰਨ ਦੀ ਮੰਗ ਰੱਖੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ-ਵੱਖ ਰੇਲਵੇ ਕ੍ਰਾਸਿੰਗਾਂ ‘ਤੇ ਰੇਲਵੇ ਓਵਰਬ੍ਰਿਜਾਂ (ROB) ਦੇ ਲੰਬਿਤ ਪ੍ਰਸਤਾਵਾਂ ਨੂੰ ਜਲਦ ਮਨਜ਼ੂਰੀ ਦੇਣ ਅਤੇ ਭਲਾਚੌਰ ਤੇ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਿਆਂ ਨੂੰ ਰੇਲਵੇ ਨੈੱਟਵਰਕ ਨਾਲ ਜੋੜਨ ਦੀ ਮੰਗ ਵੀ ਰੇਲ ਮੰਤਰੀ ਦੇ ਧਿਆਨ ਵਿੱਚ ਲਿਆਂਦੀ।
ਮਲਵਿੰਦਰ ਕੰਗ ਨੇ ਇਸ ਮੌਕੇ ਨੰਗਲ ਵਿਖੇ ਵੰਦੇ ਭਾਰਤ ਐਕਸਪ੍ਰੈਸ ਦੇ ਠਹਿਰਾਅ ਨੂੰ ਮਨਜ਼ੂਰੀ ਦੇਣ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਮੋਹਾਲੀ ਰੇਲਵੇ ਸਟੇਸ਼ਨਾਂ ਦੇ ਅੱਪਗ੍ਰੇਡੇਸ਼ਨ ਲਈ ਰੇਲ ਮੰਤਰਾਲੇ ਦਾ ਧੰਨਵਾਦ ਵੀ ਕੀਤਾ।
ਉਨ੍ਹਾਂ ਦੇ ਮੁਤਾਬਕ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਰੋਸਾ ਦਿਵਾਇਆ ਕਿ ਰੇਲਵੇ ਮੰਤਰਾਲੇ ਨਾਲ ਸੰਬੰਧਿਤ ਇਨ੍ਹਾਂ ਜਾਇਜ਼ ਮੰਗਾਂ ‘ਤੇ ਜਲਦ ਅਤੇ ਸਕਾਰਾਤਮਕ ਕਾਰਵਾਈ ਕੀਤੀ ਜਾਵੇਗੀ।
