ਜਲੰਧਰ-ਲੁਧਿਆਣਾ ਹਾਈਵੇ ’ਤੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਹੋਸਟਲ ’ਚ ਵਿਦਿਆਰਥਣ ਨਾਲ ਜਬਰ ਜਨਾਹ ਦੀ ਅਫ਼ਵਾਹ ਤੋਂ ਬਾਅਦ ਸ਼ਨਿਚਰਵਾਰ ਦੇਰ ਰਾਤ ਵਿਦਿਆਰਥੀਆਂ ਨੇ ਉੱਥੇ ਜ਼ਬਰਦਸਤ ਭੰਨਤੋੜ ਤੇ ਸਾੜ-ਫੂਕ ਕੀਤੀ। ਮੁਜ਼ਾਹਰਕਾਰੀਆਂ ਨੇ ਰਾਤ ਤਿੰਨ ਵੱਜੇ ਹੀ ਯੂਨੀਵਰਿਸਟੀ ਦੇ ਬਾਹਰ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ’ਤੇ ਜਾਮ ਲਗਾ ਦਿੱਤਾ। 16 ਘੰਟੇ ਤੱਕ ਜਾਮ ਜਾਰੀ ਰਹਿਣ ਮਗਰੋਂ ਸ਼ਨਿਚਰਵਾਰ ਦੇਰ ਸ਼ਾਮ ਕਰੀਬ ਸੱਤ ਵਜੇ ਪੁਲਿਸ ਨੇ ਲਾਠੀਚਾਰਜ ਕਰ ਕੇ ਵਿਦਿਆਰਥੀਆਂ ਨੂੰ ਹਟਾਉਣ ਦਾ ਯਤਨ ਕੀਤਾ ਤਾਂ ਮੁਜ਼ਾਹਰਾਕਾਰੀਆਂ ਨੇ ਪੁਲਿਸ ’ਤੇ ਪਥਰਾਅ ਕਰ ਦਿੱਤਾ। ਮੁਜ਼ਾਹਰਕਾਰੀਆਂ ਨੇ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਤੇ ਕਪੂਰਥਲਾ ਜ਼ਿਲ੍ਹੇ ਦੇ ਐੱਸਐੱਸਪੀ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਇਹੀ ਨਹੀਂ ਪੁਲਿਸ ਦੀਆਂ ਤਿੰਨ ਗੱਡੀਆਂ ਦੇ ਨਾਲ ਹੀ ਹੋਰ ਵਾਹਨਾਂ ਅੱਗ ਲਗਾ ਦਿੱਤੀ। ਵਿਦਿਆਰਥੀਆਂ ਦੇ ਅਚਾਨਕ ਕੀਤੇ ਗਏ ਪਥਰਾਅ ’ਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਯੂਨੀਵਰਿਸਟੀ ਕੈਂਪਸ ’ਚ ਦੋਬਾਰਾ ਭੰਨ-ਤੋੜ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਸਥਿਤੀ ਤਣਾਅ ਪੂਰਨ ਬਣੀ ਹੋਈ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਪਟਿਆਲਾ ਦੀ ਚਿਤਕਾਰਾ ਯੂਨੀਵਰਿਸਟੀ ’ਚ ਇਕ ਵਿਦਿਆਰਥਣ ਦੇ ਲਾਪਤਾ ਹੋਣ ਦੀ ਅਫ਼ਵਾਹ ਤੋਂ ਬਾਅਦ ਵਿਦਿਆਰਥੀਆਂ ਨੇ ਭੰਨ-ਤੋੜ ਕੀਤੀ ਸੀ।
