ਝੋਨੇ ਦੀ ਕਟਾਈ ਅਤੇ ਖ਼ਰੀਦ ਦੇ ਸੀਜ਼ਨ ਦੌਰਾਨ ਅੱਜ ਦੁਪਹਿਰ ਪਏ ਭਰਵੇਂ ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿਤਾ। ਮੁਹਾਲੀ ਜ਼ਿਲ੍ਹੇ ’ਚ ਖੇਤਾਂ ਤੋਂ ਲੈ ਕੇ ਮੰਡੀਆਂ ਤਕ ਮੀਂਹ ਦਾ ਅਸਰ ਦੇਖਣ ਨੂੰ ਮਿਲਿਆ। ਇਕ ਪਾਸੇ ਖੇਤਾਂ ’ਚ ਪਾਣੀ ਭਰਨ ਕਾਰਨ ਕੰਬਾਈਨਾਂ ਦੀ ਰਫ਼ਤਾਰ ਰੁਕ ਗਈ, ਦੂਜੇ ਪਾਸੇ ਮੰਡੀਆਂ ’ਚ ਵਿਕਰੀ ਲਈ ਲਿਆਂਦੇ ਝੋਨੇ ਨੂੰ ਭਿੱਜਣ ਤੋਂ ਬਚਾਉਣ ਲਈ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਤਰਪਾਲਾਂ ਦਾ ਸਹਾਰਾ ਲੈਣਾ ਪਿਆ। ਮੀਂਹ ਨੇ ਨਾ ਸਿਰਫ਼ ਝੋਨੇ ਦੀ ਕਟਾਈ ਅਤੇ ਖ਼ਰੀਦ ਨੂੰ ਪ੍ਰਭਾਵਤ ਕੀਤਾ, ਸਗੋਂ ਪਰਾਲੀ ਦੇ ਪ੍ਰਬੰਧਨ ’ਚ ਜੁਟੇ ਕਿਸਾਨਾਂ ਦੀ ਚਿੰਤਾ ਵੀ ਵਧਾ ਦਿਤੀ ਹੈ।
ਝੋਨੇ ਦੀ ਫ਼ਸਲ ਪੱਕਣ ਅਤੇ ਵਾਢੀ ਦੇ ਅਹਿਮ ਪੜਾਅ ’ਤੇ ਹੋਣ ਕਾਰਨ ਕਿਸਾਨਾਂ ਲਈ ਇਹ ਮੀਂਹ ਕਈ ਪੱਖਾਂ ਤੋਂ ਮੁਸ਼ਕਲਾਂ ਲੈ ਕੇ ਆਇਆ ਹੈ। ਖੇਤਾਂ ’ਚ ਪਾਣੀ ਖੜ੍ਹਾ ਹੋਣ ਕਾਰਨ ਮਸ਼ੀਨਾਂ ਦੇ ਚੱਲਣ ’ਚ ਦਿੱਕਤ ਆਵੇਗੀ ਅਤੇ ਮੌਸਮ ਸਾਫ਼ ਹੋਣ ਮਗਰੋਂ ਵੀ ਜ਼ਮੀਨ ’ਚੋਂ ਨਮੀ ਖ਼ਤਮ ਹੋਣ ਤੱਕ ਕਟਾਈ ਮੁੜ ਸ਼ੁਰੂ ਕਰਨੀ ਸੌਖੀ ਨਹੀਂ ਹੋਵੇਗੀ। ਕਿਸਾਨਾਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਹਾਲਾਤ ਆਮ ਵਾਂਗ ਹੋਣ ’ਚ ਚਾਰ-ਪੰਜ ਦਿਨ ਵੀ ਲੱਗ ਸਕਦੇ ਹਨ। ਇਸ ਨਾਲ ਕਟਾਈ ਦਾ ਕੰਮ ਪਛੜਨ ਦੇ ਨਾਲ-ਨਾਲ ਮੰਡੀਆਂ ’ਚ ਫ਼ਸਲ ਦੀ ਆਮਦ ਅਤੇ ਖ਼ਰੀਦ ਦੀ ਰਫ਼ਤਾਰ ਵੀ ਪ੍ਰਭਾਵਿਤ ਹੋ ਸਕਦੀ ਹੈ।
ਮੀਂਹ ਤੇ ਹਵਾ ਨੇ ਵਿਛਾਈ ਪੱਕਣ ਕਿਨਾਰੇ ਪਹੁੰਚੀ ਫ਼ਸਲ: ਮੀਂਹ ਦੇ ਨਾਲ ਚੱਲੀ ਹਵਾ ਕਾਰਨ ਕੁਝ ਥਾਵਾਂ ’ਤੇ ਬਾਸਮਤੀ ਅਤੇ ਵੱਧ ਲੰਬਾਈ ਵਾਲਾ ਝੋਨਾ ਖੇਤਾਂ ’ਚ ਡਿੱਗ ਗਿਆ। ਪੱਕਣ ਕਿਨਾਰੇ ਪਹੁੰਚੀ ਫ਼ਸਲ ਦੇ ਇਸ ਤਰ੍ਹਾਂ ਵਿਛਣ ਨਾਲ ਕਿਸਾਨਾਂ ਨੂੰ ਕਟਾਈ ਸਮੇਂ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਿੱਗੀ ਹੋਈ ਫ਼ਸਲ ਨੂੰ ਕੰਬਾਈਨ ਨਾਲ ਕੱਟਣਾ ਆਮ ਹਾਲਾਤਾਂ ਦੇ ਮੁਕਾਬਲੇ ਔਖਾ ਹੋ ਸਕਦਾ ਹੈ ਅਤੇ ਕਟਾਈ ’ਚ ਵਾਧੂ ਸਮਾਂ ਲੱਗਣ ਦਾ ਖ਼ਦਸ਼ਾ ਹੈ। ਜੇਕਰ ਮੌਸਮ ਮੁੜ ਖ਼ਰਾਬ ਹੁੰਦਾ ਹੈ ਤਾਂ ਖੇਤਾਂ ’ਚ ਖੜੀ ਫ਼ਸਲ ਦੀ ਸੰਭਾਲ ਸਬੰਧੀ ਚਿੰਤਾਵਾਂ ਹੋਰ ਵਧ ਸਕਦੀਆਂ ਹਨ।
ਖੇਤ ਗਿੱਲੇ ਹੋਣ ਕਾਰਨ ਕੰਬਾਈਨਾਂ ਤੇ ਬੇਲਰਾਂ ਦੇ ਪਹੀਏ ਰੁਕੇ : ਕੰਬਾਈਨ ਚਾਲਕਾਂ ਮੁਤਾਬਕ ਭਰਵੇਂ ਮੀਂਹ ਕਾਰਨ ਖੇਤ ਕਾਫ਼ੀ ਗਿੱਲੇ ਹੋ ਗਏ ਹਨ। ਅਜਿਹੇ ਹਾਲਾਤ ’ਚ ਮਸ਼ੀਨਾਂ ਨੂੰ ਖੇਤਾਂ ’ਚ ਲਿਜਾਣਾ ਮੁਸ਼ਕਲ ਹੋ ਜਾਂਦਾ ਹੈ। ਖੇਤਾਂ ਦੇ ਸੁੱਕਣ ਤੋਂ ਬਾਅਦ ਹੀ ਕਟਾਈ ਦਾ ਕੰਮ ਮੁੜ ਰਫ਼ਤਾਰ ਫੜ ਸਕੇਗਾ। ਇਸੇ ਤਰ੍ਹਾਂ ਪਰਾਲੀ ਦੀਆਂ ਗੰਢਾਂ ਬਣਾਉਣ ਲਈ ਵਰਤੀਆਂ ਜਾਂਦੀਆਂ ਬੇਲਰ ਮਸ਼ੀਨਾਂ ਦਾ ਕੰਮ ਵੀ ਪ੍ਰਭਾਵਤ ਹੋਇਆ ਹੈ। ਬੇਲਰ ਚਾਲਕਾਂ ਨੇ ਦਸਿਆ ਕਿ ਨਮੀ ਵਧਣ ਕਾਰਨ ਕਈ ਦਿਨ ਮਸ਼ੀਨਾਂ ਖੇਤਾਂ ’ਚ ਨਹੀਂ ਵੜ ਸਕਣਗੀਆਂ। ਇਸ ਤੋਂ ਇਲਾਵਾ ਖੇਤਾਂ ’ਚ ਪਹਿਲਾਂ ਬਣਾਈਆਂ ਪਈਆਂ ਪਰਾਲੀ ਦੀਆਂ ਗੰਢਾਂ ਨੂੰ ਸੁਕਾਉਣ ਲਈ ਵੀ ਮੁੜ ਮਿਹਨਤ ਕਰਨੀ ਪਵੇਗੀ। ਇਸ ਨਾਲ ਪਰਾਲੀ ਦੇ ਨਿਪਟਾਰੇ ਦੀ ਯੋਜਨਾ ਪ੍ਰਭਾਵਤ ਹੋਣ ਦੇ ਨਾਲ ਅਗਲੇ ਪੜਾਅ ਦੇ ਖੇਤੀਬਾੜੀ ਕੰਮਾਂ ’ਚ ਵੀ ਦੇਰੀ ਹੋ ਸਕਦੀ ਹੈ।
ਮੰਡੀਆਂ ’ਚ ਤਰਪਾਲਾਂ ਹੇਠ ਸਾਂਭਿਆ ਝੋਨਾ: ਮੀਂਹ ਕਾਰਨ ਮੰਡੀਆਂ ’ਚ ਵੀ ਖ਼ਰੀਦ ਦਾ ਕੰਮ ਪ੍ਰਭਾਵਤ ਰਿਹਾ ਅਤੇ ਅੱਜ ਵਿਕਰੀ ਲਈ ਆਏ ਝੋਨੇ ਦੀ ਖ਼ਰੀਦ ਨਹੀਂ ਹੋ ਸਕੀ। ਸਵੇਰ ਤੋਂ ਹੀ ਅਸਮਾਨ ’ਚ ਬੱਦਲ ਛਾਏ ਹੋਏ ਸਨ, ਜਿਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੇ ਝੋਨੇ ਦੀਆਂ ਢੇਰੀਆਂ ਅਤੇ ਭਰੀਆਂ ਬੋਰੀਆਂ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਸੀ। ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਮੀਂਹ ਕਾਰਨ ਫ਼ਸਲ ’ਚ ਨਮੀ ਨਾ ਵਧੇ ਅਤੇ ਖ਼ਰੀਦ ਸਮੇਂ ਕਿਸੇ ਹੋਰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਕਿਸਾਨਾਂ ਦੀ ਨਜ਼ਰ ਮੌਸਮ ਦੇ ਅਗਲੇ ਰੁਖ਼ ’ਤੇ ਟਿਕੀ ਹੋਈ ਹੈ। ਜੇਕਰ ਮੌਸਮ ਜਲਦੀ ਸਾਫ਼ ਹੋ ਜਾਂਦਾ ਹੈ ਤਾਂ ਖੇਤਾਂ ਅਤੇ ਮੰਡੀਆਂ ’ਚ ਕੰਮ ਮੁੜ ਸ਼ੁਰੂ ਹੋਣ ਦੀ ਉਮੀਦ ਹੈ, ਪਰ ਲਗਾਤਾਰ ਨਮੀ ਬਣੇ ਰਹਿਣ ਦੀ ਸੂਰਤ ’ਚ ਕਟਾਈ, ਖ਼ਰੀਦ ਅਤੇ ਪਰਾਲੀ ਪ੍ਰਬੰਧਨ ਦਾ ਕੰਮ ਹੋਰ ਪਛੜ ਸਕਦਾ ਹੈ। ਕਿਸਾਨਾਂ ਲਈ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਪੱਕੀ ਫ਼ਸਲ ਨੂੰ ਸੁਰੱਖਿਅਤ ਢੰਗ ਨਾਲ ਕੱਟਣਾ ਅਤੇ ਮੰਡੀਆਂ ’ਚ ਲਿਆ ਕੇ ਵੇਚਣਾ ਹੈ।
