ਪੰਜਾਬ ਵਿੱਚ ਅਗਲੇ ਚਾਰ ਦਿਨਾਂ ਦੌਰਾਨ ਮੌਸਮ ਬਦਲਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ 12 ਤੋਂ 14 ਅਕਤੂਬਰ ਤੱਕ ਸੂਬੇ ਵਿੱਚ ਕੁਝ ਥਾਵਾਂ ’ਤੇ ਹਲਕਾ ਤੋਂ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ, ਜਦਕਿ 15 ਅਕਤੂਬਰ ਨੂੰ ਕਈ ਥਾਵਾਂ ’ਤੇ ਮੀਂਹ ਪੈ ਸਕਦਾ ਹੈ। ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ 15 ਅਕਤੂਬਰ ਤੱਕ ਕੁਝ ਥਾਵਾਂ ’ਤੇ ਬਿਜਲੀ ਲਿਸ਼ਕਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਰਿਆਣਾ ਉੱਪਰ ਚੱਕਰਵਾਤੀ ਪ੍ਰਣਾਲੀ ਅਤੇ ਪੱਛਮੀ ਗੜਬੜੀ ਨੂੰ ਮੌਸਮ ਵਿੱਚ ਤਬਦੀਲੀ ਦਾ ਕਾਰਨ ਦੱਸਿਆ ਗਿਆ ਹੈ।
ਅਕਤੂਬਰ ਵਿੱਚ ਪੰਜਾਬ ’ਚ 47 ਫ਼ੀਸਦੀ ਘੱਟ ਮੀਂਹ
ਮੌਨਸੂਨ ਦੌਰਾਨ ਘੱਟ ਮੀਂਹ ਪੈਣ ਤੋਂ ਬਾਅਦ ਅਕਤੂਬਰ ਵਿੱਚ ਵੀ ਪੰਜਾਬ ਵਿੱਚ ਮੀਂਹ ਦੀ ਘਾਟ ਬਣੀ ਹੋਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪਹਿਲੀ ਅਕਤੂਬਰ ਤੋਂ 11 ਅਕਤੂਬਰ ਦੀ ਸਵੇਰ ਤੱਕ ਪੰਜਾਬ ਵਿੱਚ 2.4 ਮਿਲੀਮੀਟਰ ਮੀਂਹ ਪਿਆ, ਜਦਕਿ ਇਸ ਸਮੇਂ ਦੌਰਾਨ ਆਮ ਤੌਰ ’ਤੇ 4.4 ਮਿਲੀਮੀਟਰ ਮੀਂਹ ਪੈਂਦਾ ਹੈ। ਇਸ ਤਰ੍ਹਾਂ ਮੀਂਹ ਦੀ ਮਾਤਰਾ ਆਮ ਨਾਲੋਂ 47 ਫ਼ੀਸਦੀ ਘੱਟ ਰਹੀ ਹੈ।
ਪਿਛਲੇ 24 ਘੰਟਿਆਂ ਦੌਰਾਨ ਦੋਵਾਂ ਸੂਬਿਆਂ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਘੱਟ, ਜਦਕਿ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਰਿਹਾ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 33.5 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ।
ਚੰਡੀਗੜ੍ਹ ਅਤੇ ਮੁਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਅਤੇ ਬੱਦਲਵਾਈ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿੱਚ ਆਏ ਬਦਲਾਅ ਨਾਲ ਹੁੰਮਸ ਅਤੇ ਗਰਮੀ ਦਾ ਅਹਿਸਾਸ ਘਟਿਆ ਹੈ ਅਤੇ ਕਈ ਥਾਵਾਂ ’ਤੇ ਹਲਕੀ ਠੰਢ ਮਹਿਸੂਸ ਹੋਣ ਲੱਗੀ ਹੈ। ਅਕਤੂਬਰ ਦੇ ਦੂਜੇ ਹਫ਼ਤੇ ਦੌਰਾਨ ਤਾਪਮਾਨ ਵਿੱਚ ਆ ਰਹੀ ਤਬਦੀਲੀ ਨੇ ਲੋਕਾਂ ਨੂੰ ਗਰਮ ਮੌਸਮ ਤੋਂ ਰਾਹਤ ਦਿੱਤੀ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਬੱਦਲਵਾਈ ਤੋਂ ਬਾਅਦ ਮੀਂਹ ਪਿਆ। ਮੌਸਮ ਦੀਆਂ ਤਾਜ਼ਾ ਰਿਪੋਰਟਾਂ ਮੁਤਾਬਕ ਸ਼ਾਮ ਸਾਢੇ ਪੰਜ ਵਜੇ ਚੰਡੀਗੜ੍ਹ ਤੇ ਮੁਹਾਲੀ ਦਾ ਤਾਪਮਾਨ ਲਗਪਗ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
