ਪੰਜਾਬ ਅਤੇ ਚੰਡੀਗੜ੍ਹ ਵਿਚ 18 ਤੋਂ 22 ਅਕਤੂਬਰ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਮੌਸਮ ਵਿੱਚ ਤਬਦੀਲੀ ਦੇ ਨਾਲ, ਸਵੇਰ ਅਤੇ ਸ਼ਾਮ ਵੇਲੇ ਠੰਡ ਵਧਣੀ ਸ਼ੁਰੂ ਹੋ ਜਾਵੇਗੀ, ਜਦਕਿ ਦਿਨ ਵੇਲੇ ਧੁੱਪ ਨਿਕਲਣ ਕਾਰਨ ਤਾਪਮਾਨ ਵਿਚ ਮਾਮੂਲੀ ਵਾਧਾ ਹੋ ਸਕਦਾ ਹੈ।
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਅਨੁਸਾਰ, ਸੂਬੇ ਵਿਚ ਔਸਤ ਵੱਧ ਤੋਂ ਵੱਧ ਤਾਪਮਾਨ ਵਿਚ 1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ, ਇਹ ਆਮ ਨਾਲੋਂ 1.7 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ, 36.2 ਡਿਗਰੀ ਫ਼ਰੀਦਕੋਟ ਵਿਚ ਦਰਜ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ, ਉੱਤਰ-ਪੱਛਮੀ ਦਿਸ਼ਾ ਤੋਂ ਆਉਣ ਵਾਲੀਆਂ ਖੁਸ਼ਕ ਹਵਾਵਾਂ ਕਾਰਨ ਵਾਯੂਮੰਡਲ ਵਿਚ ਨਮੀ ਘਟਣ ਦੀ ਸੰਭਾਵਨਾ ਹੈ, ਜਿਸ ਨਾਲ ਮੌਸਮ ਖੁਸ਼ਕ ਰਹੇਗਾ। ਇਸ ਸਮੇਂ ਉੱਤਰੀ ਹਰਿਆਣਾ ਵਿਚ, ਪੰਜਾਬ ਦੇ ਨੇੜੇ, ਇੱਕ ‘ਪੱਛਮੀ ਗੜਬੜੀ’ ਨਾਲ ਜੁੜਿਆ ਮੌਸਮੀ ਸਿਸਟਮ ਮੌਜੂਦ ਹੈ।
ਇਸ ਤੋਂ ਇਲਾਵਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ-ਪੱਛਮੀ ਉੱਤਰ ਪ੍ਰਦੇਸ਼ ਦੇ ਉੱਪਰ ਅਤੇ ਆਸ-ਪਾਸ ਚੱਕਰਵਾਤੀ ਪ੍ਰਣਾਲੀਆਂ ਬਣ ਗਈਆਂ ਹਨ। ਹਾਲਾਂਕਿ, ਮੌਸਮ ਵਿਭਾਗ ਵੱਲੋਂ 18 ਅਕਤੂਬਰ ਨੂੰ ਜਾਰੀ ਕੀਤੀ ਗਈ ਚੇਤਾਵਨੀ ਅਨੁਸਾਰ, ਪੰਜਾਬ ਅਤੇ ਚੰਡੀਗੜ੍ਹ ਲਈ 22 ਅਕਤੂਬਰ ਤੱਕ ਮੌਸਮ ਨਾਲ ਸਬੰਧਤ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਪੰਜਾਬ ਵਿਚ ਬਿਜਲੀ ਦੀ ਮੰਗ 7,479 ਮੈਗਾਵਾਟ ਦਰਜ ਕੀਤੀ ਗਈ।
