ਸਿਰਲੇਖ:
ਮੁੰਬਈ: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਅੱਜ 5 ਜੁਲਾਈ ਨੂੰ ਆਪਣੀ ਲੰਬੇ ਸਮੇਂ ਦੀ ਸਾਥੀ ਗੌਰੀ ਸਪ੍ਰੈੱਟ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਹ ਆਮਿਰ ਖਾਨ ਦਾ ਤੀਜਾ ਵਿਆਹ ਹੋਵੇਗਾ। ਉਨ੍ਹਾਂ ਨੇ ਖੁਦ ਦੱਸਿਆ ਹੈ ਕਿ ਵਿਆਹ ਦਾ ਸਮਾਗਮ ਬਹੁਤ ਹੀ ਸਾਦਾ ਅਤੇ ਨਿੱਜੀ ਰਹੇਗਾ, ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਦੋਵੇਂ ਆਪਣੇ ਮੁੰਬਈ ਸਥਿਤ ਘਰ ਵਿੱਚ ਰਜਿਸਟਰਡ ਵਿਆਹ ਕਰਨਗੇ।
ਗੌਰੀ ਸਪ੍ਰੈੱਟ ਪੇਸ਼ੇ ਨਾਲ ਹੇਅਰ ਡ੍ਰੈਸਰ ਹਨ। ਉਹ ਪਹਿਲਾਂ ਵਿਆਹਸ਼ੁਦਾ ਰਹਿ ਚੁੱਕੀਆਂ ਹਨ ਅਤੇ ਉਨ੍ਹਾਂ ਦਾ ਇੱਕ ਅੱਠ ਸਾਲ ਦਾ ਪੁੱਤਰ ਵੀ ਹੈ। ਆਮਿਰ ਖਾਨ ਨੇ 2025 ਵਿੱਚ ਆਪਣੇ 60ਵੇਂ ਜਨਮਦਿਨ ਮੌਕੇ ਗੌਰੀ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ। ਆਮਿਰ ਨੇ ਦੱਸਿਆ ਸੀ ਕਿ ਉਹ ਗੌਰੀ ਨੂੰ ਕਰੀਬ 25 ਸਾਲਾਂ ਤੋਂ ਜਾਣਦੇ ਹਨ ਅਤੇ ਲੰਬੀ ਦੋਸਤੀ ਤੋਂ ਬਾਅਦ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਨਵਾਂ ਨਾਮ ਦੇਣ ਦਾ ਫੈਸਲਾ ਕੀਤਾ।
ਆਮਿਰ ਖਾਨ ਦਾ ਪਹਿਲਾ ਵਿਆਹ 1986 ਵਿੱਚ ਰੀਨਾ ਦੱਤਾ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਜੁਨੈਦ ਖਾਨ ਅਤੇ ਆਇਰਾ ਖਾਨ ਹਨ। ਕਰੀਬ 16 ਸਾਲ ਇਕੱਠੇ ਰਹਿਣ ਤੋਂ ਬਾਅਦ ਦੋਵਾਂ ਦਾ 2002 ਵਿੱਚ ਤਲਾਕ ਹੋ ਗਿਆ।
ਇਸ ਤੋਂ ਬਾਅਦ ਆਮਿਰ ਨੇ 2005 ਵਿੱਚ ਫਿਲਮ ਨਿਰਮਾਤਾ ਕਿਰਨ ਰਾਓ ਨਾਲ ਵਿਆਹ ਕੀਤਾ। ਦੋਵਾਂ ਦਾ ਇੱਕ ਪੁੱਤਰ ਆਜ਼ਾਦ ਹੈ। 2021 ਵਿੱਚ ਦੋਵਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਐਲਾਨ ਕੀਤਾ ਸੀ। ਹਾਲਾਂਕਿ ਤਲਾਕ ਤੋਂ ਬਾਅਦ ਵੀ ਦੋਵੇਂ ਆਪਣੇ ਪੁੱਤਰ ਦੀ ਪਰਵਰਿਸ਼ ਮਿਲ ਕੇ ਕਰ ਰਹੇ ਹਨ ਅਤੇ ਚੰਗੇ ਦੋਸਤ ਵਜੋਂ ਇਕੱਠੇ ਕੰਮ ਵੀ ਕਰਦੇ ਹਨ।
ਹੁਣ ਆਮਿਰ ਖਾਨ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਇ ਗੌਰੀ ਸਪ੍ਰੈੱਟ ਨਾਲ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਦਾ ਇਹ ਵਿਆਹ ਕਿਸੇ ਸ਼ਾਨਦਾਰ ਸਮਾਰੋਹ ਦੀ ਬਜਾਏ ਸਾਦਗੀ ਅਤੇ ਪਰਿਵਾਰਕ ਮਾਹੌਲ ਵਿੱਚ ਹੋਵੇਗਾ।
