ਗਲਾਸਗੋ ਵਿੱਚ ਹੋ ਰਹੀਆਂ 2026 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਪੈਰਾ ਐਥਲੀਟ ਸ਼ਰਮੀਲਾ ਧਨਖੜ ਨੇ ਇਤਿਹਾਸ ਰਚ ਦਿੱਤਾ ਹੈ। ਮਹਿਲਾ ਸ਼ਾਟ ਪੁੱਟ F57 ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਰਮੀਲਾ ਨੇ 9.81 ਮੀਟਰ ਦਾ ਸਰਵੋਤਮ ਥਰੋਅ ਕਰਕੇ ਸੋਨ ਤਗਮਾ ਆਪਣੇ ਨਾਮ ਕੀਤਾ। ਇਸ ਜਿੱਤ ਨਾਲ ਉਨ੍ਹਾਂ ਨੇ 20 ਸਾਲਾਂ ਬਾਅਦ ਇਸ ਈਵੈਂਟ ਵਿੱਚ ਭਾਰਤ ਲਈ ਸੋਨ ਤਗਮਾ ਜਿੱਤਣ ਦਾ ਸੁੱਕਾ ਵੀ ਖਤਮ ਕਰ ਦਿੱਤਾ।
ਸ਼ਰਮੀਲਾ ਦੀ ਇਸ ਇਤਿਹਾਸਕ ਕਾਮਯਾਬੀ ਨੇ ਭਾਰਤੀ ਖੇਡ ਪ੍ਰੇਮੀਆਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ। ਉਹ 20 ਸਾਲਾਂ ਵਿੱਚ ਮਹਿਲਾ ਸ਼ਾਟ ਪੁੱਟ F57 ਵਰਗ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਪੈਰਾ ਐਥਲੀਟ ਬਣ ਗਈ ਹੈ।
ਭਾਰਤ ਲਈ ਖੁਸ਼ੀ ਦਾ ਮੌਕਾ ਉਸ ਵੇਲੇ ਹੋਰ ਵੀ ਵੱਧ ਗਿਆ ਜਦੋਂ ਉਸੇ ਮੁਕਾਬਲੇ ਵਿੱਚ ਭਾਰਤ ਦੀ ਸ਼ਿਲਪਾ ਕੰਚੁਗਰਕੋਪਾਲੂ ਨੂੰ ਵੀ ਕਾਂਸੀ ਦਾ ਤਗਮਾ ਮਿਲਿਆ। ਸ਼ੁਰੂਆਤੀ ਨਤੀਜਿਆਂ ਵਿੱਚ ਉਹ ਚੌਥੇ ਸਥਾਨ ‘ਤੇ ਰਹੀ ਸੀ, ਪਰ ਨਤੀਜਿਆਂ ਦੀ ਸਮੀਖਿਆ ਤੋਂ ਬਾਅਦ ਨਾਈਜੀਰੀਆ ਦੀ ਯੂਚਾਰੀਆ ਇਯਾਜੀ ਦਾ ਤੀਜਾ ਸਥਾਨ ਰੱਦ ਹੋ ਗਿਆ। ਇਸ ਤੋਂ ਬਾਅਦ ਸ਼ਿਲਪਾ ਨੂੰ ਕਾਂਸੀ ਦਾ ਤਗਮਾ ਦਿੱਤਾ ਗਿਆ।
ਸ਼ਿਲਪਾ ਨੇ 7.26 ਮੀਟਰ ਦੇ ਥਰੋਅ ਨਾਲ ਇਹ ਉਪਲਬਧੀ ਹਾਸਲ ਕੀਤੀ। ਇਸ ਤਰ੍ਹਾਂ ਭਾਰਤ ਨੇ ਇਸ ਈਵੈਂਟ ਵਿੱਚ ਇੱਕ ਸੋਨ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਤਗਮਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ। ਸ਼ਰਮੀਲਾ ਅਤੇ ਸ਼ਿਲਪਾ ਦੀ ਇਸ ਸਫਲਤਾ ਨੂੰ ਭਾਰਤੀ ਪੈਰਾ ਖੇਡਾਂ ਲਈ ਇੱਕ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ।
