ਦਿਲਜੀਤ ਦੋਸਾਂਝ ਦੀ ਬਹੁਚਰਚਿਤ ਫ਼ਿਲਮ ‘ਸਤਲੁਜ’ ਨੂੰ ਰਿਲੀਜ਼ ਹੋਣ ਤੋਂ ਸਿਰਫ਼ ਦੋ ਦਿਨ ਬਾਅਦ ਹੀ ZEE5 ਨੇ ਭਾਰਤ ਵਿੱਚ ਆਪਣੀ OTT ਸੇਵਾ ਤੋਂ ਅਗਲੇ ਹੁਕਮਾਂ ਤੱਕ ਹਟਾ ਦਿੱਤਾ ਹੈ। ਪਲੇਟਫਾਰਮ ਨੇ ਕਿਹਾ ਹੈ ਕਿ ਉਹ ਫ਼ਿਲਮ ਨੂੰ ਮੁੜ ਉਪਲਬਧ ਕਰਵਾਉਣ ਲਈ ਕਾਨੂੰਨੀ ਵਿਕਲਪਾਂ ਦੀ ਪੜਤਾਲ ਕਰ ਰਿਹਾ ਹੈ।
ਫ਼ਿਲਮ ਹਟਾਏ ਜਾਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ,
“ਮੈਨੂੰ ਖੁਸ਼ੀ ਹੈ ਕਿ ਸਾਡੀ ਚਾਰ ਸਾਲਾਂ ਦੀ ਮਿਹਨਤ ਨੇ ਨੌਜਵਾਨਾਂ ਨੂੰ ਇਸ ਫ਼ਿਲਮ ਬਾਰੇ ਗੱਲ ਕਰਨ ਲਈ ਮਜਬੂਰ ਕੀਤਾ। ਮੈਂ ਇੱਕ ਵੀਡੀਓ ਦੇਖੀ ਜਿਸ ਵਿੱਚ ਫ਼ਿਲਮ ਗੁਰਦੁਆਰੇ ਵਿੱਚ ਦਿਖਾਈ ਜਾ ਰਹੀ ਸੀ। ਅੱਜ ਹਰ ਘਰ ਵਿੱਚ ਜਸਵੰਤ ਸਿੰਘ ਖਾਲੜਾ ਦੀ ਚਰਚਾ ਹੋ ਰਹੀ ਹੈ। ਇਹੀ ਸਾਡਾ ਮਕਸਦ ਸੀ।”
ਉਨ੍ਹਾਂ ਅੱਗੇ ਕਿਹਾ ਕਿ ਫ਼ਿਲਮ ਨੂੰ ਤਿੰਨ ਦਿਨਾਂ ਦੇ ਅੰਦਰ ਹੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਦੇਖ ਲਿਆ ਹੈ, ਇਸ ਲਈ ਹੁਣ ਇਸ ਨੂੰ ਹਟਾਉਣ ਨਾਲ ਕੋਈ ਵੱਡਾ ਫ਼ਰਕ ਨਹੀਂ ਪਵੇਗਾ।
ਦਿਲਜੀਤ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਅੰਦਾਜ਼ਾ ਸੀ ਕਿ ਫ਼ਿਲਮ ਨੂੰ ਹਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ,
“ਸਾਨੂੰ ਪਤਾ ਸੀ ਕਿ ਅਜਿਹਾ ਹੋ ਸਕਦਾ ਹੈ। ਅਸੀਂ ਸੋਚਿਆ ਸੀ ਕਿ ਲੋਕ ਐਤਵਾਰ ਨੂੰ ਆਪਣੇ ਪਰਿਵਾਰਾਂ ਨਾਲ ਫ਼ਿਲਮ ਦੇਖਣਗੇ, ਪਰ ਇਸ ਤੋਂ ਪਹਿਲਾਂ ਹੀ ਇਸਨੂੰ ਹਟਾ ਦਿੱਤਾ ਗਿਆ। ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਉਂ ਕੀਤਾ ਗਿਆ। ਸਿਰਫ਼ ਦੋ ਦਿਨਾਂ ਵਿੱਚ ਹੀ ਫ਼ਿਲਮ ਨੇ ਇੰਨਾ ਧਿਆਨ ਖਿੱਚ ਲਿਆ। ਹੁਣ ਇਸਨੂੰ ਹਟਾਉਣ ਨਾਲ ਕੁਝ ਨਹੀਂ ਹੋਣਾ।”
ਦੱਸਣਯੋਗ ਹੈ ਕਿ ‘ਸਤਲੁਜ’, ਜਿਸ ਦਾ ਪਹਿਲਾਂ ਨਾਮ ‘Punjab ’95’ ਸੀ, ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਇਹ ਫ਼ਿਲਮ ਕਈ ਸਾਲਾਂ ਤੱਕ ਸੈਂਸਰ ਅਤੇ ਰਿਲੀਜ਼ ਨਾਲ ਜੁੜੀਆਂ ਰੁਕਾਵਟਾਂ ਦਾ ਸਾਹਮਣਾ ਕਰਦੀ ਰਹੀ ਅਤੇ 3 ਜੁਲਾਈ ਨੂੰ OTT ‘ਤੇ ਰਿਲੀਜ਼ ਹੋਈ ਸੀ, ਪਰ ਦੋ ਦਿਨਾਂ ਬਾਅਦ ਹੀ ਭਾਰਤ ਵਿੱਚ ਹਟਾ ਦਿੱਤੀ ਗਈ।
