ਪੰਜਾਬ ਵਿਚ 27 ਅਕਤੂਬਰ ਤੋਂ ਚੱਲ ਰਹੇ 9ਵੀਂ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਮੁਕਾਬਲਿਆਂ ਦੇ ਅੱਜ ਮੁਹਾਲੀ ਦੇ ਸੀਨੀਅਰ ਬਲਬੀਰ ਸਿੰਘ ਕੌਮਾਂਤਰੀ ਸਟੇਡੀਅਮ ਵਿਖੇ ਹੋਏ ਸੈਮੀਫਾਈਨਲ ਮੁਕਾਬਲਿਆਂ ਵਿਚ ਭਾਰਤ ਅਤੇ ਜਪਾਨ ਦੀਆਂ ਟੀਮਾਂ ਫਾਈਨਲ ਵਿਚ ਪਹੁੰਚ ਗਈਆਂ ਹਨ। ਭਾਰਤ ਨੇ ਦੱਖਣੀ ਕੋਰੀਆ ਨੂੰ 8-1 ਗੋਲਾਂ ਦੇ ਵੱਡੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਭਾਰਤੀ ਟੀਮ ਦੇ ਖਿਡਾਰੀ ਦਿਲਪ੍ਰੀਤ ਸਿੰਘ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਦਾ ਖ਼ਿਤਾਬ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਰਸਮ ਓਲੰਪੀਅਨ ਅਜੀਤਪਾਲ ਸਿੰਘ, ਜਫ਼ਰ ਇਕਬਾਲ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰਾ ਸਿੰਘ ਨੇ ਨਿਭਾਈ।
ਭਾਰਤੀ ਟੀਮ ਵੱਲੋਂ ਮੈਚ ਦੇ ਚੌਥੇ, ਨੌਂਵੇਂ, 13ਵੇਂ, 21ਵੇਂ, 21ਵੇਂ, 25ਵੇਂ,36ਵੇਂ ਅਤੇ 54ਵੇਂ ਮਿੰਟ ਵਿਚ ਗੋਲ ਕੀਤੇ। ਦੱਖਣੀ ਕੋਰੀਆ ਦੀ ਟੀਮ ਮੈਚ ਦੇ ਨੌਂਵੇਂ ਮਿੰਟ ਵਿਚ ਸਿਰਫ਼ ਇੱਕ ਗੋਲ ਹੀ ਕਰ ਸਕੀ। ਮੈਨ ਆਫ਼ ਦਾ ਮੈਚ ਕਰਾਰ ਦਿੱਤੇ ਦਿਲਪ੍ਰੀਤ ਸਿੰਘ ਅਤੇ ਲਾਕੜਾ ਸਿਲਾਨੰਦ ਨੇ 2-2 ਗੋਲ, ਕਪਤਾਨ ਹਰਮਨਪ੍ਰੀਤ ਸਿੰਘ, ਸੁਖਜੀਤ ਸਿੰਘ,ਵਿਵੇਕ ਪ੍ਰਸ਼ਾਦ ਸਾਗਰ ਅਤੇ ਅੰਗਦਵੀਰ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਕੋਰੀਆ ਵੱਲੋਂ ਇੱਕੋ-ਇੱਕ ਗੋਲ ਹਾਂਗ ਸੰਗਜੁਨ ਨੇ ਕੀਤਾ।
